ਸ੍ਰੀ ਅਨੰਦਪੁਰ ਸਾਹਿਬ 02 ਜੂਨ 2025 AJ Di Awaaj
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੀ “ਸੀ.ਐੱਮ.ਦੀ ਯੋਗਸ਼ਾਲਾ” ਰਾਹੀਂ ਬਹੁਤ ਸਾਰੇ ਲੋਕ ਲਾਭ ਲੈ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਬਣਾਏ ਰੱਖਣ ਲਈ ਮੁੱਖ ਮੰਤਰੀ “ਭਗਵੰਤ ਸਿੰਘ ਮਾਨ” ਵੱਲੋਂ ਇਸ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਹੈ।
ਸ੍ਰੀ ਅਨੰਦਪੁਰ ਸਾਹਿਬ ਵਿੱਚ ਯੋਗ ਟ੍ਰੇਨਰ ਦਿਕਸ਼ਾ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਉਹ ਅਨੰਦਪੁਰ ਸਾਹਿਬ ਵਿੱਚ ਨਿਯਮਤ ਰੂਪ ਵਿੱਚ ਯੋਗ ਕਲਾਸਾਂ ਲੈ ਰਹੀ ਹੈ। ਉਹ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਬੀਰ ਮੰਦਿਰ, ਮੁਹੱਲਾ ਕੁਰਾਲੀ ਵਾਲਾ ਸ਼ਿਵ ਮੰਦਿਰ, ਰਾਮਾਨੁਜ ਵੇਦ ਵਿਦਿਆਲੇ ਅਤੇ ਮਾਈਟੀ ਖਾਲਸਾ ਸਕੂਲ ਵਿੱਚ ਯੋਗ ਸੈਸ਼ਨ ਕਰਵਾ ਰਹੀ ਹੈ।
ਯੋਗ ਟ੍ਰੇਨਰ ਦਿਕਸ਼ਾ ਨੇ ਦੱਸਿਆ ਕਿ ਯੋਗ ਕਲਾਸ ਵਿੱਚ ਸਿਖਿਆਰਥੀ ਹਰ ਰੋਜ਼ ਯੋਗ ਅਭਿਆਸ ਕਰਦੇ ਹਨ। ਇਸ ਵਿੱਚ ਉਹ ਸੂਖਮ ਵਿਆਯਾਮ, ਆਸਨ, ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯੋਗ ਕਰਨਾ ਚੰਗਾ ਲੱਗਦਾ ਹੈ, ਉਹ ਨਵੇਂ ਨਵੇਂ ਆਸਨ ਕਰਦੇ ਹਨ, ਜਿਸ ਨਾਲ ਉਹ ਸਰੀਰਕ ਤੌਰ ‘ਤੇ ਸਿਹਤਮੰਦ ਰਹਿੰਦੇ ਹਨ ਅਤੇ ਪ੍ਰਾਣਾਯਾਮ ਤੇ ਧਿਆਨ ਕਰਨ ਨਾਲ ਉਹ ਮਾਨਸਿਕ ਤੌਰ ‘ਤੇ ਵੀ ਠੀਕ ਮਹਿਸੂਸ ਕਰਦੇ ਹਨ। ਯੋਗ ਅਭਿਆਸ ਨਾਲ ਉਹ ਆਪਣੀ ਪੜਾਈ ਅਤੇ ਜੀਵਨ ਵਿੱਚ ਆਪਣੇ ਕੰਮ ਉੱਤੇ ਧਿਆਨ ਕੇਂਦਰਿਤ ਕਰਦੇ ਹਨ।
ਇਸ ਤਹਿਤ ਜ਼ਿਲ੍ਹਾ ਰੂਪਨਗਰ ਵਿੱਚ 105 ਥਾਵਾਂ ਉੱਤੇ ਸੀ.ਐੱਮ. ਦੀ ਯੋਗਸ਼ਾਲਾ ਚੱਲ ਰਹੀ ਹੈ, ਜਿੱਥੇ ਲੋਕਾਂ ਨੂੰ ਯੋਗਾ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਸਮੇਂ ਰੂਪਨਗਰ ਸ਼ਹਿਰ ਤੋਂ ਇਲਾਵਾ ਸਬ-ਡਵੀਜ਼ਨ/ਬਲਾਕ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੰਗਲ, ਮੋਰਿੰਡਾ, ਚਮਕੌਰ ਸਾਹਿਬ, ਨੂਰਪੁਰ ਬੇਦੀ ਵਿੱਚ ਵੀ ਯੋਗ ਕਲਾਸਾਂ ਚੱਲ ਰਹੀਆਂ ਹਨ।
ਇਨ੍ਹਾਂ ਵਿੱਚ 20 ਟ੍ਰੇਨਰ ਸਵੇਰ-ਸ਼ਾਮ ਦੀਆਂ ਸ਼ਿਫਟਾਂ ਵਿੱਚ ਟਰੇਨਿੰਗ ਦੇ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ 7669400500 ਜਾਰੀ ਕੀਤਾ ਗਿਆ ਹੈ। ਇਸ ਨੰਬਰ ‘ਤੇ ਤੁਸੀਂ ਮੁਫ਼ਤ ਯੋਗ ਇੰਸਟ੍ਰਕਟਰ ਲਈ ਮਿਸਡ ਕਾਲ ਕਰ ਸਕਦੇ ਹੋ ਜਾਂ ਖੁਦ ਵੈੱਬਸਾਈਟ ‘ਤੇ ਜਾ ਕੇ ਰਜਿਸਟਰ ਕਰ ਸਕਦੇ ਹੋ। ਮਿਸਡ ਕਾਲ ਕਰਨ ਤੋਂ ਬਾਅਦ ਤੁਹਾਡੇ ਖੇਤਰ ਵਿੱਚ ਯੋਗ ਟਰੇਨਰ ਤੁਹਾਨੂੰ ਯੋਗ ਦੀ ਟਰੇਨਿੰਗ ਦੇਣਗੇ।
ਸੀ.ਐੱਮ.ਦੀ ਯੋਗਸ਼ਾਲਾ ਤਹਿਤ ਖਾਸ ਕਰਕੇ ਨੌਜਵਾਨਾਂ ਵਿੱਚ ਯੋਗ ਪ੍ਰਤੀ ਜਾਗਰੂਕਤਾ ਵਧੀ ਹੈ। ਵਿਦਿਆਰਥੀਆਂ ਨੂੰ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲ ਰਹੀ ਹੈ ਅਤੇ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਮਾਨਸਿਕ ਸਪੱਸ਼ਟਤਾ ਅਤੇ ਸਕਾਰਾਤਮਕ ਊਰਜਾ ਮਿਲ ਰਹੀ ਹੈ।
ਸੀ.ਐਮ.ਦੀ ਯੋਗਸ਼ਾਲਾ ਦੇ ਸੁਪਰਵਾਈਜ਼ਰ “ਸ਼੍ਰੀ ਸੁਰੇਂਦਰ ਝਾ” ਨੇ ਕਿਹਾ ਕਿ ਜਿਵੇਂ ਜਿਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੇੜੇ ਆ ਰਿਹਾ ਹੈ, ਯੋਗਸ਼ਾਲਾਵਾਂ ਵਿੱਚ ਭਾਗੀਦਾਰੀ ਅਤੇ ਉਤਸ਼ਾਹ ਹੋਰ ਵੱਧ ਰਿਹਾ ਹੈ। ਪ੍ਰਸ਼ਿਕਸ਼ਕਾਂ ਦਾ ਕਹਿਣਾ ਹੈ ਕਿ ਇਸ ਸਾਲ ਹੋਰ ਵੱਧ ਲੋਕਾਂ ਨੂੰ ਜੋੜਨ ਦਾ ਲਕੜੀ ਰੱਖਿਆ ਗਿਆ ਹੈ।
ਪੰਜਾਬ ਸਰਕਾਰ ਦੀ ਇਸ ਅਨੋਖੀ ਪਹਿਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਨੀਤੀ ਅਤੇ ਨੀਅਤ ਸਹੀ ਹੋਵੇ, ਤਾਂ ਸਮਾਜ ਨੂੰ ਸਿਹਤਮੰਦ ਬਣਾਉਣ ਵੱਲ ਵੱਡਾ ਬਦਲਾਅ ਲਿਆਇਆ ਜਾ ਸਕਦਾ ਹੈ।
