ਗੁਰਦਾਸਪੁਰ 13 June 2026 AJ DI Awaaj
Punjab Desk : ਪੰਜਾਬ ਦੀਆਂ ਗੁਰਦਾਸਪੁਰ, ਦੀਨਾਨਗਰ, ਕਾਦੀਆਂ ਅਤੇ ਸ਼ਾਮ ਚੌਰਾਸੀ ਨਗਰ ਕੌਂਸਲਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਨਤੀਜਿਆਂ ਅਨੁਸਾਰ ਗੁਰਦਾਸਪੁਰ ਨਗਰ ਕੌਂਸਲ ਵਿੱਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਹੈ।
ਗੁਰਦਾਸਪੁਰ ਦੇ ਵਾਰਡ ਨੰਬਰ 3 ਤੋਂ ਬਲਜੀਤ ਸਿੰਘ, ਵਾਰਡ ਨੰਬਰ 5 ਤੋਂ ਪਰਮਿੰਦਰ ਸਿੰਘ, ਵਾਰਡ ਨੰਬਰ 7 ਤੋਂ ਪ੍ਰਿੰਸ, ਵਾਰਡ ਨੰਬਰ 8 ਤੋਂ ਗੁਰਵੰਤ ਕੌਰ, ਵਾਰਡ ਨੰਬਰ 15 ਤੋਂ ਬਿੰਦੀ ਅਤੇ ਵਾਰਡ ਨੰਬਰ 21 ਤੋਂ ਨਕੁਲ ਮਹਾਜਨ ਕਾਂਗਰਸ ਦੇ ਉਮੀਦਵਾਰ ਵਜੋਂ ਜੇਤੂ ਰਹੇ ਹਨ।
ਇਹ ਚੋਣਾਂ ਈਵੀਐਮ ਰਾਹੀਂ ਕਰਵਾਈਆਂ ਗਈਆਂ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੀ, ਜਿਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਅਤੇ ਨਤੀਜੇ ਸਾਹਮਣੇ ਆਉਣ ਲੱਗੇ।
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਨਗਰ ਕੌਂਸਲ ਵਿੱਚ 29 ਵਾਰਡ, ਦੀਨਾਨਗਰ ਅਤੇ ਕਾਦੀਆਂ ਵਿੱਚ 15-15 ਵਾਰਡ ਹਨ, ਜਦਕਿ ਸ਼ਾਮ ਚੌਰਾਸੀ ਨਗਰ ਕੌਂਸਲ ਦੇ 9 ਵਾਰਡਾਂ ਲਈ ਚੋਣ ਹੋਈ। ਇਸ ਤੋਂ ਪਹਿਲਾਂ 29 ਮਈ ਨੂੰ ਹੋਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਲ ਕੀਤਾ ਸੀ।














