ਮਲੋਟ / ਸ੍ਰੀ ਮੁਕਤਸਰ ਸਾਹਿਬ 29 ਅਕਤੂਬਰ 2026 AJ DI Awaaj
Punjab Desk : ਕੇਂਦਰੀ ਸਰਵਪੱਖੀ ਕੀਟ ਪ੍ਰਬੰਧਨ ਕੇਂਦਰ, ਜਲੰਧਰ ਵੱਲੋਂ ਪਿੰਡ ਗੋਨਿਆਣਾ ਜਿ਼ਲ੍ਹਾ ਵਿਖੇ ਦੋ—ਰੋਜ਼ਾ “ਮਨੁੱਖੀ ਸਰੋਤ ਵਿਕਾਸ ਪ੍ਰੋਗਰਾਮ” ਆਯੋਜਿਤ ਕੀਤਾ ਗਿਆ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਵੱਖ—ਵੱਖ ਮਾਹਿਰਾਂ ਦੁਆਰਾ ਅਤੇ ਖੇਤਾਂ ਦੇ ਦੌਰੇ ਰਾਹੀਂ ਕਿਸਾਨਾਂ ਨੂੰ ਫਸਲਾਂ ਦੇ ਕੀੜਿਆਂ ਅਤੇ ਬਿਮਾਰੀਆਂ ਬਾਰੇ ਸਿਖਲਾਈ ਦਿੱਤੀ ਗਈ।
ਕੇਂਦਰੀ ਸਰਵਪੱਖੀ ਕੀਟ ਪ੍ਰਬੰਧਨ ਕੇਂਦਰ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਰਵਪੱਖੀ ਕੀਟ ਪ੍ਰਬੰਧਨ (ਆਈ.ਪੀ.ਐਮ) ਦੀ ਧਾਰਨਾ ਅਤੇ ਲੋੜ ਬਾਰੇ ਜਾਣੂ ਕਰਵਾਇਆ। ਡਾ. ਪੀ ਸੀ ਭਾਰਦਵਾਜ, (ਆਫਿਸ ਪ੍ਰਭਾਰੀ) ਨੇ ਵਾਤਾਵਰਣ ਪ੍ਰਦੂਸ਼ਣ ਅਤੇ ਕੀਟਨਾਸ਼ਕਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ, ਆਈ.ਪੀ.ਐਮ. ਦੇ ਵੱਖ—ਵੱਖ ਤਰੀਕਿਆਂ (ਜਿਵੇਂ ਕਿ ਖੇਤੀ—ਸੰਬੰਧੀ, ਭੌਤਿਕ, ਮਕੈਨੀਕਲ, ਜੈਵਿਕ ਅਤੇ ਰਸਾਇਣਕ ਆਦਿ) ਨੂੰ ਸੁਮੇਲ ਵਿੱਚ ਅਪਣਾ ਕੇ ਫਸਲਾਂ ਦੇ ਕੀੜਿਆਂ ਦੇ ਪ੍ਰਬੰਧਨ ‘ਤੇ ਜ਼ੋਰ ਦਿੱਤਾ ਅਤੇ ਫੇਰੋਮੋਨ ਟਰੈਪ, ਪੀਲੇ ਅਤੇ ਨੀਲੇ ਚਿਪਚਿਪੇ ਕਾਰਡ, ਫਲਾਂ ਦੀ ਮੱਖੀ ਲਈ ਫਾਹੇ ਅਤੇ ਵੱਖ—ਵੱਖ ਜੈਵਿਕ ਮਿੱਤਰ—ਜੀਵ ਜਿਵੇਂ ਕਿ ਟਰਾਈਕੋਗ੍ਰਾਮਾ, ਮੱਕੜੀਆਂ, ਡਰੈਗਨ ਫਲਾਈ, ਡੈਮਸਲ ਫਲਾਈ, ਵਾਟਰ ਸਟਰਾਈਡਰ ਆਦਿ ਅਤੇ ਕੀਟ ਪ੍ਰਬੰਧਨ ਵਿੱਚ ਇਹਨਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ।
ਫਸਲ ਦੇ ਸ਼ੁਰੂਆਤੀ ਪੜਾਅ ‘ਤੇ ਉੱਲੀ ਅਤੇ ਬੈਕਟੀਰੀਆ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ, ਕਿਸਾਨਾਂ ਨੂੰ ਬੀਜਾਂ ਦਾ ਉਪਚਾਰ ਟਰਾਇਕੋਡੇਰਮਾ ਅਤੇ ਸੁਡੋਮੋਨਾਸ ਨਾਲ ਕਰਨ ਦੀ ਸਲਾਹ ਦਿੱਤੀ ਗਈ। ਸ਼੍ਰੀ ਚੰਦਰ ਭਾਨ, ਸਹਾਇਕ ਪੌਦਾ ਸੁਰੱਖਿਆ ਅਧਿਕਾਰੀ ਨੇ ਕਿਸਾਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਜਾਰੀ ਐਨ.ਪੀ.ਐਸ.ਐਸ. ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਐਪ ਦੀ ਉਪਯੋਗਤਾ ਬਾਰੇ ਦੱਸਣ ਦੇ ਨਾਲ—ਨਾਲ, ਉਹਨਾਂ ਨੇ ਕਿਸਾਨਾਂ ਨੂੰ ਇਸ ਲਈ ਲੌਗਇਨ ਆਈ.ਡੀ. ਅਤੇ ਪਾਸਵਰਡ ਵੀ ਪ੍ਰਦਾਨ ਕੀਤੇ।
ਸ਼੍ਰੀ ਸੰਜੇ ਡੀ.ਜੇ. ਸਹਾਇਕ ਪੌਦਾ ਸੁਰੱਖਿਆ ਅਫਸਰ ਨੇ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਰਹਿੰਦ—ਖੂੰਹਦ ਅਤੇ ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਕੀਟਨਾਸ਼ਕਾਂ ਦੀ ਲੋੜ ਅਨੁਸਾਰ ਅਤੇ ਸਮਝਦਾਰੀ ਨਾਲ ਵਰਤੋਂ ਕੀਤੀ ਜਾ ਸਕੇ। ਰਾਜਬੀਰ ਸਿੰਘ ਨੇ ਵੱਖ—ਵੱਖ ਪਹਿਨਣਯੋਗ ਚੀਜ਼ਾਂ ਜਿਵੇਂ ਕਿ ਦਸਤਾਨੇ, ਐਨਕਾਂ, ਮਾਸਕ, ਐਪਰਨ ਆਦਿ ਦੀ ਵਰਤੋਂ ਕਰਨ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਸਮੇਂ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ ਬਾਰੇ ਸਲਾਹ ਦਿੱਤੀ।
ਕੇਂਦਰੀ ਸਰਵਪੱਖੀ ਕੀਟ ਪ੍ਰਬੰਧਨ ਕੇਂਦਰ ਦੇ ਨਾਲ, ਖੇਤੀਬਾੜੀ ਵਿਭਾਗ, ਬਲਾਕ ਅਤੇ ਜ਼ਿਲ੍ਹਾ ਦੇ ਅਧਿਕਾਰੀਆਂ ਅਤੇ ਕੇ ਵੀ ਕੇ ਵਿਗਿਆਨੀ ਨੇ , ਇਸ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਕਿਸਾਨਾਂ ਨੂੰ ਅਜਿਹੇ ਸਿਖਲਾਈ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ ਅਤੇ ਕਿਸਾਨਾਂ ਨੂੰ ਰਾਜ ਖੇਤੀਬਾੜੀ ਵਿਭਾਗ ਦੀਆਂ ਚੱਲ ਰਹੀਆਂ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਅਤੇ ਆਪਣਾ ਵਿਹਾਰਕ ਤਜਰਬਾ ਸਾਂਝਾ ਕੀਤਾ ਅਤੇ ਕਿਸਾਨਾਂ ਨੂੰ ਸਮੇਂ—ਸਮੇਂ ਤੇ ਅਜਿਹੀਆਂ ਸਿਖਲਾਈਆਂ ਵਿੱਚ ਹਿੱਸਾ ਲੈਣ ਅਤੇ ਇਹਨਾਂ ਸਿਖਲਾਈਆਂ ਤੋਂ ਕੁਝ ਸਿੱਖਣ ਲਈ ਪ੍ਰੇਰਿਤ ਕੀਤਾ।



















