ਹਿੰਦੂ ਪੰਚਾਂਗ ਅਨੁਸਾਰ ਕਰਵਾ ਚੌਥ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚੌਥੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਭਗਵਾਨ ਸ਼ਿਵ, ਮਾਤਾ ਪਾਰਵਤੀ, ਭਗਵਾਨ ਗਣੇਸ਼ ਅਤੇ ਭਗਵਾਨ ਕਾਰਤੀਕੇਯ ਦੀ ਪੂਜਾ ਕਰਨ ਦੀ ਪਰੰਪਰਾ ਹੈ।
ਕੀ ਕੁਆਰੀਆਂ ਕੁੜੀਆਂ ਵੀ ਰੱਖ ਸਕਦੀਆਂ ਹਨ ਵਰਤ?
ਕਰਵਾ ਚੌਥ ਨੂੰ ਮੁੱਖ ਤੌਰ ’ਤੇ ਸੁਹਾਗਣ ਔਰਤਾਂ ਦਾ ਤਿਉਹਾਰ ਮੰਨਿਆ ਜਾਂਦਾ ਹੈ, ਪਰ ਕਈ ਕੁਆਰੀਆਂ ਕੁੜੀਆਂ ਵੀ ਆਪਣੀ ਸ਼ਰਧਾ ਅਤੇ ਮਾਨਤਾ ਅਨੁਸਾਰ ਇਹ ਵਰਤ ਰੱਖਦੀਆਂ ਹਨ। ਆਚਾਰਿਆ ਪੰਕਜ ਸ਼ਾਸਤਰੀ ਅਤੇ ਪੰਡਿਤ ਦਿਨੇਸ਼ ਪਾਂਡੇ ਅਨੁਸਾਰ, ਕਰਵਾ ਚੌਥ ਦੀ ਪਰੰਪਰਾ ਖ਼ਾਸ ਤੌਰ ’ਤੇ ਵਿਆਹੁਤਾ ਔਰਤਾਂ ਨਾਲ ਜੁੜੀ ਹੋਈ ਹੈ ਅਤੇ ਧਾਰਮਿਕ ਰੀਤੀ-ਰਿਵਾਜਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਅੱਜਕੱਲ੍ਹ ਕਈ ਪਤੀ ਵੀ ਆਪਣੀਆਂ ਪਤਨੀਆਂ ਨਾਲ ਵਰਤ ਰੱਖਦੇ ਹਨ। ਇਸ ਨੂੰ ਆਪਸੀ ਪਿਆਰ, ਸਤਿਕਾਰ ਅਤੇ ਭਾਵਨਾਤਮਕ ਸਾਂਝ ਪ੍ਰਗਟ ਕਰਨ ਦੇ ਇੱਕ ਤਰੀਕੇ ਵਜੋਂ ਦੇਖਿਆ ਜਾਂਦਾ ਹੈ।
ਕਰਵਾ ਚੌਥ ਦੀ ਧਾਰਮਿਕ ਮਹੱਤਤਾ
ਦੁਰਗਾ ਮਾਤਾ ਮੰਦਰ ਦੇ ਪੁਜਾਰੀ ਪੰਡਿਤ ਦਿਨੇਸ਼ ਪਾਂਡੇ ਅਨੁਸਾਰ, ਮਾਤਾ ਪਾਰਵਤੀ ਦੀ ਭਗਤੀ ਅਤੇ ਤਪੱਸਿਆ ਨੂੰ ਅਖੰਡ ਸੁਹਾਗ ਅਤੇ ਸੁਖੀ ਵਿਆਹੁਤਾ ਜੀਵਨ ਨਾਲ ਜੋੜਿਆ ਜਾਂਦਾ ਹੈ। ਇਸੇ ਕਾਰਨ ਕਰਵਾ ਚੌਥ ਦੇ ਦਿਨ ਮਾਤਾ ਗੌਰੀ ਦੀ ਪੂਜਾ ਕਰਕੇ ਸੁਖੀ ਪਰਿਵਾਰਕ ਜੀਵਨ ਦੀ ਕਾਮਨਾ ਕੀਤੀ ਜਾਂਦੀ ਹੈ।
ਇਸ ਦਿਨ ਔਰਤਾਂ ਇਕੱਠੀਆਂ ਹੋ ਕੇ ਕਰਵਾ ਚੌਥ ਦੀ ਕਥਾ ਸੁਣਦੀਆਂ ਹਨ, ਪੂਜਾ ਕਰਦੀਆਂ ਹਨ ਅਤੇ ਥਾਲੀ ਵਟਾਉਣ ਦੀ ਰਸਮ ਨਿਭਾਉਂਦੀਆਂ ਹਨ। ਇਹ ਪਰੰਪਰਾਵਾਂ ਆਪਸੀ ਸਾਂਝ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦੀਆਂ ਹਨ।
ਸਰਗੀ ਤੋਂ ਲੈ ਕੇ ਪੂਜਾ ਤੱਕ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਕਰਵਾ ਚੌਥ ਵਾਲੇ ਦਿਨ ਸਰਗੀ ਸੂਰਜ ਚੜ੍ਹਨ ਤੋਂ ਪਹਿਲਾਂ ਖਾਣ ਦੀ ਪਰੰਪਰਾ ਹੈ। ਇਸ ਵਿੱਚ ਫਲ, ਦੁੱਧ, ਸੁੱਕੇ ਮੇਵੇ ਅਤੇ ਹੋਰ ਪੌਸ਼ਟਿਕ ਚੀਜ਼ਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ। ਹਾਲਾਂਕਿ, ਨਿਰਜਲਾ ਵਰਤ ਦੌਰਾਨ ਪਾਣੀ ਨਾ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਘਾਟ ਹੋ ਸਕਦੀ ਹੈ, ਇਸ ਲਈ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।
ਆਚਾਰਿਆ ਪੰਕਜ ਸ਼ਾਸਤਰੀ ਅਨੁਸਾਰ, ਇਸ ਮੌਕੇ ਲਾਲ, ਗੁਲਾਬੀ, ਪੀਲੇ ਅਤੇ ਮਜੈਂਟਾ ਰੰਗ ਦੇ ਕੱਪੜੇ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ। ਔਰਤਾਂ ਮਹਿੰਦੀ, ਚੂੜੀਆਂ, ਸਿੰਦੂਰ ਅਤੇ ਬਿੰਦੀ ਨਾਲ ਸ਼ਿੰਗਾਰ ਕਰਦੀਆਂ ਹਨ। ਇਸ ਤੋਂ ਇਲਾਵਾ ਸ਼ੁਭ ਮਹੂਰਤ ਵਿੱਚ ਪੂਜਾ ਅਤੇ ਕਰਵਾ ਚੌਥ ਦੀ ਕਥਾ ਸੁਣਨ ਦੀ ਪਰੰਪਰਾ ਹੈ।
ਕਦੋਂ ਹੋਣਗੇ ਚੰਦਰਮਾ ਦੇ ਦੀਦਾਰ?
ਕਰਵਾ ਚੌਥ ਦਾ ਵਰਤ ਚੰਦਰਮਾ ਦੇ ਦਰਸ਼ਨ ਅਤੇ ਪੂਜਾ ਤੋਂ ਬਾਅਦ ਖੋਲ੍ਹਣ ਦੀ ਪਰੰਪਰਾ ਹੈ। ਕਰਵਾ ਚੌਥ ਦੀ ਕਥਾ ਆਮ ਤੌਰ ’ਤੇ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਸਮੇਂ ਸੁਣਾਈ ਜਾਂਦੀ ਹੈ।
ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਚੰਦਰਮਾ ਦੇ ਦਰਸ਼ਨ ਰਾਤ ਲਗਭਗ 8:15 ਤੋਂ 8:30 ਵਜੇ ਦੇ ਵਿਚਕਾਰ ਹੋ ਸਕਦੇ ਹਨ। ਹਾਲਾਂਕਿ, ਚੰਦਰਮਾ ਨਿਕਲਣ ਦਾ ਸਹੀ ਸਮਾਂ ਸ਼ਹਿਰ ਅਤੇ ਭੂਗੋਲਿਕ ਸਥਿਤੀ ਅਨੁਸਾਰ ਵੱਖਰਾ ਹੋ ਸਕਦਾ ਹੈ। ਇਸ ਲਈ ਆਪਣੇ ਇਲਾਕੇ ਦੇ ਚੰਦਰਮਾ ਚੜ੍ਹਨ ਦੇ ਸਮੇਂ ਦੀ ਪੁਸ਼ਟੀ ਕਰਨੀ ਜ਼ਰੂਰੀ ਹੈ।



















