ਬਰਨਾਲਾ, 30 ਅਕਤੂਬਰ 2026 AJ DI Awaaj
Punjab Desk : ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਕਮ ਪ੍ਰਮੁੱਖ ਜਨਗਣਨਾ ਅਫ਼ਸਰ ਹਰਪ੍ਰੀਤ ਸਿੰਘ ਆਈਏਐੱਸ ਦੀ ਅਗਵਾਈ ਹੇਠ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਦੀ ਗਣਨਾ) ਦੀਆਂ ਤਿਆਰੀਆਂ ਜ਼ੋਰਾਂ ਉੱਤੇ ਹਨ।
ਇਸ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਜ਼ਿਲ੍ਹਾ ਸੈਂਸਜ਼ ਅਫ਼ਸਰ ਸ੍ਰੀ ਵਿਵੇਕ ਕੁਮਾਰ ਮੋਦੀ ਵਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਚਾਰਜ ਅਫ਼ਸਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ।
ਇਸ ਮੌਕੇ ਉਹਨਾਂ ਚਾਰਜ ਅਫ਼ਸਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਨਗਣਨਾ ਦਾ ਦੂਜਾ ਪੜਾਅ ਬਹੁਤ ਅਹਿਮ ਹੈ, ਇਸ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਉਹਨਾਂ ਦੱਸਿਆ ਕਿ ਦੂਜਾ ਪੜਾਅ ਪੂਰੇ ਪੰਜਾਬ ਵਿੱਚ 16 ਨਵੰਬਰ, 2026 ਤੋਂ ਸ਼ੁਰੂ ਹੋਵੇਗਾ ਅਤੇ 4 ਜਨਵਰੀ, 2027 ਤੱਕ ਜਾਰੀ ਰਹੇਗਾ। ਇਸ ਤਹਿਤ 16 ਤੋਂ 30 ਨਵੰਬਰ, 2026 ਤੱਕ ਲੋਕਾਂ ਨੂੰ ਆਨਲਾਈਨ ਸਵੈ-ਗਣਨਾ ਦੀ ਸਹੂਲਤ ਮਿਲੇਗੀ, ਜਦਕਿ ਪਹਿਲੀ ਦਸੰਬਰ, 2026 ਤੋਂ 4 ਜਨਵਰੀ, 2027 ਤੱਕ ਗਿਣਤੀਕਾਰ ਘਰ-ਘਰ ਜਾ ਕੇ ਆਬਾਦੀ ਦੀ ਗਣਨਾ ਕਰਨਗੇ।
ਉਨ੍ਹਾਂ ਕਿਹਾ ਕਿ ਜਨਗਣਨਾ ਰਾਹੀਂ ਪ੍ਰਾਪਤ ਹੋਣ ਵਾਲੇ ਅੰਕੜੇ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਯੋਜਨਾਵਾਂ ਉਲੀਕਣ ਦਾ ਅਹਿਮ ਆਧਾਰ ਬਣਦੇ ਹਨ। ਸਿੱਖਿਆ, ਸਿਹਤ, ਰਿਹਾਇਸ਼, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਸਬੰਧੀ ਭਵਿੱਖੀ ਵਿਉਂਤਬੰਦੀ ਲਈ ਆਬਾਦੀ ਬਾਰੇ ਸਹੀ ਅਤੇ ਮੁਕੰਮਲ ਜਾਣਕਾਰੀ ਉਪਲਬਧ ਹੋਣੀ ਬਹੁਤ ਜ਼ਰੂਰੀ ਹੈ। ਹਰੇਕ ਪਰਿਵਾਰ ਇਸ ਵਿੱਚ ਹਿੱਸਾ ਲੈ ਕੇ ਆਪਣਾ ਅਹਿਮ ਰੋਲ ਅਦਾ ਕਰੇ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 16 ਤੋਂ 30 ਨਵੰਬਰ ਤੱਕ ਨਿਰਧਾਰਿਤ ਸਮੇਂ ਦੌਰਾਨ ਜਾਰੀ ਹਦਾਇਤਾਂ ਅਨੁਸਾਰ ਆਨਲਾਈਨ ਸਵੈ-ਗਣਨਾ ਦੀ ਸਹੂਲਤ ਦਾ ਲਾਹਾ ਲੈਣ। ਆਪਣੇ ਪਰਿਵਾਰ ਦੇ ਵੇਰਵੇ ਦਰਜ ਕਰਦੇ ਸਮੇਂ ਜਾਣਕਾਰੀ ਦੀ ਧਿਆਨ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਕੋਈ ਵੇਰਵਾ ਗ਼ਲਤ ਜਾਂ ਅਧੂਰਾ ਨਾ ਰਹੇ। ਉਹਨਾਂ ਖ਼ਾਸ ਤੌਰ ‘ਤੇ ਸਿੱਖਿਆ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਜਨਗਣਨਾ ਵਿੱਚ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ 1 ਦਸੰਬਰ ਤੋਂ ਘਰ-ਘਰ ਆਉਣ ਵਾਲੇ ਅਧਿਕਾਰਤ ਗਿਣਤੀਕਾਰ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਅਤੇ ਪੁੱਛੇ ਗਏ ਸਵਾਲਾਂ ਦੇ ਸਹੀ ਅਤੇ ਸਪੱਸ਼ਟ ਜਵਾਬ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਹਰੇਕ ਵਿਅਕਤੀ ਦੀ ਗਿਣਤੀ ਯਕੀਨੀ ਬਣਾਉਂਦਿਆਂ ਇਹ ਕਾਰਜ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇਗਾ। ਉਨ੍ਹਾਂ ਪੰਚਾਇਤਾਂ, ਸਥਾਨਕ ਸੰਸਥਾਵਾਂ, ਸਮਾਜ ਸੇਵੀ ਜਥੇਬੰਦੀਆਂ ਅਤੇ ਜਾਗਰੂਕ ਨਾਗਰਿਕਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਜਨਗਣਨਾ ਦੀ ਮਹੱਤਤਾ ਅਤੇ ਨਿਰਧਾਰਿਤ ਮਿਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ।
‘ਸਾਡੀ ਜਨਗਣਨਾ, ਸਾਡਾ ਵਿਕਾਸ’ ਦਾ ਸੁਨੇਹਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਨਗਣਨਾ ਨੂੰ ਸਫ਼ਲ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਹਰੇਕ ਨਾਗਰਿਕ ਸਹੀ ਜਾਣਕਾਰੀ ਦੇ ਕੇ ਭਵਿੱਖ ਦੀਆਂ ਵਿਕਾਸ ਯੋਜਨਾਵਾਂ ਦੀ ਵਿਉਂਤਬੰਦੀ ਵਿੱਚ ਆਪਣਾ ਯੋਗਦਾਨ ਪਾਵੇ।
ਇਸ ਮੌਕੇ ਤਹਿਸੀਲਦਾਰ ਬਰਨਾਲਾ ਕੁਲਦੀਪ ਸਿੰਘ, ਕਾਰਜਸਾਧਕ ਅਫ਼ਸਰ ਹਰਪ੍ਰੀਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ (ਜਨਗਨਣਾ) ਲਵਦੀਪ ਸਿੰਘ, ਜਨਗਨਣਾ ਸੈੱਲ ਇੰਚਾਰਜ ਹਰਜੀਤ ਸਿੰਘ ਸਮੇਤ ਸਮੂਹ ਚਾਰਜ ਅਫ਼ਸਰ ਅਤੇ ਸਟਾਫ਼ ਮੌਜੂਦ ਸੀ।



















