ਨਸ਼ਾ ਹੌਟਸਪੌਟਾਂ ਦੇ ਕਾਇਆ ਕਲਪ ਅਤੇ ਸੁਧਾਰ ਸਬੰਧੀ ਲਈ ਗਤੀਵਿਧੀਆਂ ਜਾਰੀ

2

ਬਰਨਾਲਾ, 30 ਅਕਤੂਬਰ 2026 AJ DI Awaaj

Punjab Desk :      ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਤਹਿਤ ਅਤੇ ਯੁੱਧ ਨਸ਼ਿਆਂ ਵਿਰੁੱਧ 2.0 ਮੁਹਿੰਮ ਤਹਿਤ ਨਸ਼ਾ ਹੌਟਸਪੌਟਾਂ ਦੇ ਕਾਇਆ ਕਲਪ ਅਤੇ ਸੁਧਾਰ ਲਈ ਜ਼ਿਲ੍ਹਾ ਬਰਨਾਲਾ ਵਿੱਚ ਲਗਾਤਾਰ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵਲੋਂ ਗਤੀਵਿਧੀਆਂ ਜਾਰੀ ਹਨ।
ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸ਼ਨਾਖ਼ਤ ਕੀਤੇ 10 ਹੌਟਸਪੌਟਾਂ ਇਲਾਕਿਆਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਉਹਨਾਂ ਸਬੰਧਤ ਐੱਸਡੀਐਮਜ਼ ਨੂੰ ਸਾਰੇ ਖੇਤਰਾਂ ਦਾ ਲਗਾਤਾਰ ਦੌਰਾ ਕਰਨ ਅਤੇ ਰੀਵਿਊ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ।
ਇਸ ਤਹਿਤ ਉਪ ਮੰਡਲ ਮੈਜਿਸਟ੍ਰੇਟ ਤਪਾ ਸ੍ਰੀ ਆਯੂਸ਼ ਗੋਇਲ, ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਡਾ. ਅਜੀਤਪਾਲ ਸਿੰਘ ਚਹਿਲ ਅਤੇ ਉਪ ਮੰਡਲ ਮੈਜਿਸਟ੍ਰੇਟ ਮਹਿਲ ਕਲਾਂ ਬੇਅੰਤ ਸਿੰਘ ਸਿੱਧੂ ਵਲੋ ਆਪਣੇ ਆਪਣੇ ਖੇਤਰ ਵਿਚ ਪਿਛਲੇ ਦਿਨੀਂ ਹੌਟਸਪੌਟਾਂ ਇਲਾਕਿਆਂ ਦਾ ਦੌਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਰੀਵਿਊ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
ਇਸ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਤਪਾ ਸ੍ਰੀ ਆਯੂਸ਼ ਗੋਇਲ ਆਈਏਐੱਸ ਵਲੋਂ ਜਿੱਥੇ ਡਰੱਗ ਹੌਟਸਪੌਟਾਂ ਪਿੰਡਾਂ ਦਾ ਦੌਰਾ  ਕੀਤਾ ਗਿਆ ਓਥੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰਕੇ ਸਬ ਡਵੀਜ਼ਨ ਤਪਾ ਅਧੀਨ ਲਾਵਾਰਿਸ ਜਾਂ ਖੰਡਰ ਇਮਾਰਤਾਂ, ਪਾਰਕਾਂ ਅਤੇ ਸ਼ਮਸ਼ਾਨ ਘਾਟਾਂ ਵਿਚ ਨਸ਼ਾ ਹੌਟ ਸਪੌਟਾਂ ਵਿਚ ਨਸ਼ਿਆਂ ਦੀ ਰੋਕਥਾਮ ਲਈ ਚਰਚਾ ਕੀਤੀ ਗਈ ਅਤੇ ਸੁਝਾਅ ਲਏ ਗਏ ਅਤੇ ਲੋੜੀਂਦੇ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਪਿੰਡ ਛੀਨੀਵਾਲ ਖੁਰਦ ਵਿੱਚ ਪਾਰਕ ਅਤੇ ਸ਼ਮਸ਼ਾਨ ਘਾਟ ਵਿੱਚ ਸੀਸੀਟੀਵੀ ਕੈਮਰੇ, ਸੋਲਰ ਲਾਈਟਾਂ ਲਗਾਉਣ ਅਤੇ ਪੁਲਿਸ ਦੀ ਗਸ਼ਤ ਤੇਜ਼ ਕਰਨ ਦੀ ਕਵਾਇਦ ਵਿਚਾਰੀ ਗਈ। ਇਸ ਤੋਂ ਇਲਾਵਾ ਪਿੰਡ ਰਾਮਗੜ੍ਹ, ਟੱਲੇਵਾਲ ਸਮੇਤ ਹੋਰ ਥਾਵਾਂ ਉੱਤੇ ਸੀਸੀਟੀਵੀ ਕੈਮਰੇ, ਸੋਲਰ ਲਾਈਟਾਂ ਲਗਾਉਣ, ਪੁਲਿਸ ਗਸ਼ਤ ਤੇਜ਼ ਕਰਨ, ਚਾਰਦੀਵਾਰੀ, ਖਿੜਕੀਆਂ ਦਰਵਾਜੇ ਸਮੇਤ ਹੋਰ ਕੰਮ ਕਰਵਾਉਣ ਦਾ ਪਲਾਨ ਤਿਆਰ ਕੀਤਾ ਗਿਆ।
ਉਨ੍ਹਾਂ ਵਲੋਂ ਸਿਹਤ ਵਿਭਾਗ ਨੂੰ ਹੌਟਸਪੌਟ ਇਲਾਕਿਆਂ ਵਿੱਚ ਸਿਹਤ ਕੈਂਪ ਲਗਾਉਣ ਤੋਂ ਇਲਾਵਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਨੂੰ ਮੈਡੀਕਲ ਸਟੋਰਾਂ ਦੀ ਸਖਤੀ ਨਾਲ ਜਾਂਚ ਕਰਨ, ਸਿੱਖਿਆ ਵਿਭਾਗ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਉਣ,ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਨੂੰ ਹੌਟਸਪੌਟ ਇਲਾਕਿਆਂ ਵਿੱਚ ਵੱਧ ਤੋਂ ਵੱਧ ਖੇਡ ਗਤੀਵਿਧੀਆਂ ਕਰਾਉਣ ਦੇ ਨਿਰਦੇਸ਼ ਦਿੱਤੇ। ਉਹਨਾਂ ਰੋਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਵਿਭਾਗ ਨੂੰ ਇਲਾਜ ਉਪਰੰਤ ਠੀਕ ਹੋਣ ਵਾਲੇ ਨੌਜਵਾਨਾਂ ਨੂੰ ਮੁਫ਼ਤ ਸਕਿੱਲ ਟ੍ਰੇਨਿੰਗ ਦੇਣ ਅਤੇ ਆਪਣਾ ਕੰਮ ਸ਼ੁਰੂ ਕਰਨ ਵਿੱਚ ਮਦਦ ਕਰਨ ਲਈ ਕੰਮ ਕਰਨ ਲਈ ਕਿਹਾ।
ਇਸੇ ਤਰ੍ਹਾਂ ਪੇਂਡੂ ਵਿਕਾਸ, ਪੰਚਾਇਤ ਅਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਹੌਟਸਪੌਟ ਇਲਾਕਿਆਂ ਵਿੱਚ ਸੀ ਸੀ ਟੀ ਵੀ, ਸਟਰੀਟ ਲਾਈਟਾਂ, ਸਫ਼ਾਈ ਅਤੇ ਸੁੰਦਰੀਕਰਨ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਕੈਪਸ਼ਨ: ਨਸ਼ਾ ਹੌਟਸਪੌਟ ਖੇਤਰਾਂ ਦਾ ਦੌਰਾ ਕਰਦੇ ਹੋਏ ਐੱਸ ਡੀ ਐਮ ਤਪਾ ਆਯੂਸ਼ ਗੋਇਲ (ਛੀਨੀਵਾਲ ਖੁਰਦ ਸ਼ਮਸ਼ਾਨਘਾਟ)