ਪੰਜਾਬ-ਹਰਿਆਣਾ ਵਿੱਚ NIA ਦੀ ਵੱਡੀ ਕਾਰਵਾਈ, ਅੱਤਵਾਦੀ-ਗੈਂਗਸਟਰ ਨੈੱਟਵਰਕ ਖ਼ਿਲਾਫ਼ 18 ਥਾਵਾਂ ’ਤੇ ਛਾਪੇ

3

ਚੰਡੀਗੜ੍ਹ, 10 ਜੂਨ 2026 Aj Di Awaaj 

National Desk:  ਸਰਹੱਦ ਪਾਰ ਅੱਤਵਾਦੀ-ਗੈਂਗਸਟਰ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੰਜਾਬ ਅਤੇ ਹਰਿਆਣਾ ਵਿੱਚ 18 ਥਾਵਾਂ ’ਤੇ ਇਕੱਠੇ ਛਾਪੇਮਾਰੀ ਕੀਤੀ। ਇਹ ਕਾਰਵਾਈ ਪਾਕਿਸਤਾਨ ਨਾਲ ਜੁੜੇ ਕਥਿਤ ਅੱਤਵਾਦੀ ਸ਼ਹਿਜ਼ਾਦ ਭੱਟੀ ਦੇ ਨੈੱਟਵਰਕ ਨਾਲ ਸੰਬੰਧਿਤ ਤਿੰਨ ਵੱਖ-ਵੱਖ ਮਾਮਲਿਆਂ ਦੀ ਜਾਂਚ ਤਹਿਤ ਕੀਤੀ ਗਈ।

ਐਨਆਈਏ ਵੱਲੋਂ ਪੰਜਾਬ ਦੇ ਬਠਿੰਡਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਕਈ ਡਿਜੀਟਲ ਡਿਵਾਈਸ, ਮਹੱਤਵਪੂਰਨ ਦਸਤਾਵੇਜ਼ ਅਤੇ ਵਿੱਤੀ ਲੈਣ-ਦੇਣ ਨਾਲ ਜੁੜੀ ਸਮੱਗਰੀ ਜ਼ਬਤ ਕੀਤੀ ਗਈ ਹੈ। ਜ਼ਬਤ ਕੀਤੇ ਗਏ ਸਬੂਤਾਂ ਨੂੰ ਫੋਰੈਂਸਿਕ ਅਤੇ ਤਕਨੀਕੀ ਜਾਂਚ ਲਈ ਭੇਜਿਆ ਗਿਆ ਹੈ, ਤਾਂ ਜੋ ਸਰਹੱਦ ਪਾਰ ਚੱਲ ਰਹੀਆਂ ਗਤੀਵਿਧੀਆਂ ਅਤੇ ਸੰਭਾਵਿਤ ਸਾਜ਼ਿਸ਼ਾਂ ਦਾ ਖੁਲਾਸਾ ਕੀਤਾ ਜਾ ਸਕੇ।

ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਨੇੜਲੇ ਪਿੰਡ ਕੁਲਾਨਾ ਵਿੱਚ ਐਨਆਈਏ ਨੇ ਯਾਦਵਿੰਦਰ ਸਿੰਘ ਦੇ ਘਰ ਤੀਜੀ ਵਾਰ ਛਾਪਾ ਮਾਰਿਆ। ਲਗਭਗ ਚਾਰ ਘੰਟੇ ਚੱਲੀ ਤਲਾਸ਼ੀ ਦੌਰਾਨ ਕੋਈ ਸ਼ੱਕੀ ਸਮੱਗਰੀ ਬਰਾਮਦ ਨਹੀਂ ਹੋਈ। ਹਾਲਾਂਕਿ ਯਾਦਵਿੰਦਰ ਸਿੰਘ ਨੂੰ 15 ਜੂਨ ਨੂੰ ਐਨਆਈਏ ਦੇ ਚੰਡੀਗੜ੍ਹ ਦਫ਼ਤਰ ਵਿੱਚ ਪੁੱਛਗਿੱਛ ਲਈ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।

ਫਾਜ਼ਿਲਕਾ ਜ਼ਿਲ੍ਹੇ ਵਿੱਚ ਸ਼ਹਿਰ ਦੀ ਇੱਕ ਕਾਲੋਨੀ, ਜਲਾਲਾਬਾਦ ਦੇ ਪਿੰਡ ਰੱਤਾ ਥੇੜਾ ਅਤੇ ਡੰਗਰ ਖੇੜਾ ਵਿੱਚ ਵੀ ਰੇਡ ਕੀਤੀ ਗਈ। ਜਾਂਚ ਏਜੰਸੀ ਵੱਲੋਂ ਇਹ ਕਾਰਵਾਈ ਨਸ਼ਾ ਤਸਕਰੀ ਅਤੇ ਅੱਤਵਾਦੀ-ਗੈਂਗਸਟਰ ਗਠਜੋੜ ਨਾਲ ਜੁੜੇ ਮਾਮਲਿਆਂ ਦੇ ਸਬੰਧ ਵਿੱਚ ਕੀਤੀ ਗਈ।

ਇਸੇ ਤਰ੍ਹਾਂ ਫਿਰੋਜ਼ਪੁਰ ਦੇ ਮਮਦੋਟ ਖੇਤਰ ਦੇ ਪਿੰਡ ਕਾਲੂ ਰਾਈਆਂ ਹਿਠਾੜ ਵਿੱਚ ਵੀ ਐਨਆਈਏ ਦੀ ਟੀਮ ਨੇ ਇੱਕ ਘਰ ਦੀ ਡੂੰਘੀ ਤਲਾਸ਼ੀ ਲਈ ਅਤੇ ਕੁਝ ਦਸਤਾਵੇਜ਼ਾਂ ਦੀ ਜਾਂਚ ਕੀਤੀ। ਫਿਲਹਾਲ ਐਨਆਈਏ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।

ਜਾਂਚ ਏਜੰਸੀ ਦੇ ਸੂਤਰਾਂ ਮੁਤਾਬਕ ਕੁਝ ਵਿਅਕਤੀਆਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਵੀ ਜਾਰੀ ਕੀਤੇ ਗਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।