28 May 2026 Aj Di Awaaj
Punjab Desk: ਪੰਜਾਬ ਦੀ ਸਿਆਸਤ ਵਿੱਚ ਵੱਡਾ ਬਦਲਾਅ ਕਰਦਿਆਂ ਭਾਰਤੀ ਜਨਤਾ ਪਾਰਟੀ ਨੇ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਹਾਈਕਮਾਂਡ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਅਹਿਮ ਫੈਸਲਾ ਲਿਆ ਹੈ।
ਇਸਦੇ ਨਾਲ ਹੀ ਭਾਜਪਾ ਨੇ ਹਰਿਆਣਾ ਵਿੱਚ ਡਾ. ਅਰਚਨਾ ਗੁਪਤਾ, ਦਿੱਲੀ ਵਿੱਚ ਹਰਸ਼ ਮਲਹੋਤਰਾ ਅਤੇ ਤ੍ਰਿਪੁਰਾ ਵਿੱਚ ਅਭਿਸ਼ੇਕ ਦੇਬਰਾਏ ਨੂੰ ਨਵੇਂ ਇੰਚਾਰਜ ਵਜੋਂ ਨਿਯੁਕਤ ਕੀਤਾ ਹੈ।
ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਭਾਜਪਾ 2027 ਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਪੰਜਾਬ ਵਿੱਚ ਵੀ ਕਮਲ ਖਿੜੇਗਾ।
ਭਾਜਪਾ ਵੱਲੋਂ ਨਵੇਂ ਪ੍ਰਧਾਨ ਦੀ ਨਿਯੁਕਤੀ ਇਸ ਲਈ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ ਤਿੰਨ ਸਾਲਾ ਕਾਰਜਕਾਲ ਜੁਲਾਈ ਮਹੀਨੇ ਵਿੱਚ ਖਤਮ ਹੋਣਾ ਸੀ। ਹਾਲਾਂਕਿ ਜਾਖੜ ਅੱਗੇ ਵੀ ਪਾਰਟੀ ਲਈ ਚੋਣ ਪ੍ਰਚਾਰ ਵਿੱਚ ਸਰਗਰਮ ਰਹਿਣਗੇ।
ਸੂਤਰਾਂ ਮੁਤਾਬਕ ਭਾਜਪਾ ਪੰਜਾਬ ਵਿੱਚ ਇੱਕ ਮਜ਼ਬੂਤ ਸਿੱਖ ਚਿਹਰਾ ਲੱਭ ਰਹੀ ਸੀ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵੀ ਲੰਬੇ ਸਮੇਂ ਤੋਂ ਪੰਜਾਬ ਵਿੱਚ ਸਿੱਖ ਆਗੂ ਨੂੰ ਅੱਗੇ ਲਿਆਉਣ ਦੀ ਵਕਾਲਤ ਕਰ ਰਹੇ ਸਨ।
75 ਸਾਲਾ ਕੇਵਲ ਸਿੰਘ ਢਿੱਲੋਂ ਦਾ ਜਨਮ ਬਰਨਾਲਾ ਦੇ ਟੱਲੇਵਾਲ ਪਿੰਡ ਵਿੱਚ ਹੋਇਆ। ਉਹ 2007 ਤੋਂ 2017 ਤੱਕ ਬਰਨਾਲਾ ਤੋਂ ਵਿਧਾਇਕ ਰਹੇ। ਬਾਅਦ ਵਿੱਚ 2022 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ।
ਕੇਵਲ ਸਿੰਘ ਢਿੱਲੋਂ ਸਿਆਸਤ ਦੇ ਨਾਲ-ਨਾਲ ਇੱਕ ਸਫਲ ਉਦਯੋਗਪਤੀ ਵੀ ਹਨ। ਉਹ ਢਿੱਲੋਂ ਗਰੁੱਪ ਦੇ ਮੁਖੀ ਹਨ, ਜਿਸ ਦਾ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਵੱਡਾ ਕਾਰੋਬਾਰ ਹੈ। ਉਹ ਪੈਪਸੀਕੋ ਦੇ ਵੱਡੇ ਬੋਤਲਰਾਂ ਵਿੱਚੋਂ ਇੱਕ ਰਹੇ ਹਨ ਅਤੇ ਕਾਰੋਬਾਰੀ ਖੇਤਰ ਵਿੱਚ ਯੋਗਦਾਨ ਲਈ ਕਈ ਵੱਕਾਰੀ ਐਵਾਰਡ ਵੀ ਹਾਸਲ ਕਰ ਚੁੱਕੇ ਹਨ।
ਢਿੱਲੋਂ ਗਰੁੱਪ ਰੀਅਲ ਅਸਟੇਟ, ਮਲਟੀਪਲੈਕਸ ਅਤੇ ਹੋਰ ਕਈ ਵਪਾਰਕ ਖੇਤਰਾਂ ਵਿੱਚ ਸਰਗਰਮ ਹੈ। ਭਾਜਪਾ ਵੱਲੋਂ ਉਨ੍ਹਾਂ ਦੀ ਨਿਯੁਕਤੀ ਨੂੰ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਸਿੱਖ ਵੋਟਰਾਂ ਵਿੱਚ ਪਹੁੰਚ ਵਧਾਉਣ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।














