ਨੰਗਲ ‘ਚ ਮੋਬਾਈਲ ਟਾਵਰ ‘ਤੇ ਚੜ੍ਹਿਆ ਬੇਰੁਜ਼ਗਾਰ ਅਧਿਆਪਕ, 2994 ਬੈਕਲੌਗ ਭਰਤੀ ਨੂੰ ਲੈ ਕੇ ਵਿਰੋਧ ਤੇਜ਼

4

28 May 2026 Aj Di Awaaj

Punjab Desk:  ਪੰਜਾਬ ਵਿੱਚ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਇੱਕ ਵਾਰ ਫਿਰ ਤਿੱਖਾ ਹੋ ਗਿਆ ਹੈ। ਈਟੀਟੀ 2994 ਬੈਕਲੌਗ ਯੂਨੀਅਨ ਨਾਲ ਸੰਬੰਧਤ ਬੇਰੁਜ਼ਗਾਰ ਅਧਿਆਪਕ ਹਰਜੀਤ ਸਿੰਘ, ਜੋ ਕਿ ਬਰਨਾਲਾ ਨਾਲ ਸਬੰਧਤ ਹੈ, ਆਪਣੀਆਂ ਮੰਗਾਂ ਦੇ ਹੱਕ ਵਿੱਚ ਨੰਗਲ ਵਿਖੇ ਲਗਭਗ 150 ਫੁੱਟ ਉੱਚੇ ਮੋਬਾਈਲ ਟਾਵਰ ‘ਤੇ ਚੜ੍ਹ ਗਿਆ।

ਘਟਨਾ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਯੂਨੀਅਨ ਆਗੂ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਹਰਜੀਤ ਸਿੰਘ ਨੂੰ ਹੇਠਾਂ ਉਤਾਰਨ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਟਾਵਰ ‘ਤੇ ਚੜ੍ਹੇ ਅਧਿਆਪਕ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਯੂਨੀਅਨ ਦੇ ਪ੍ਰਧਾਨ ਅਸ਼ੋਕ ਬਾਵਾ ਨੇ ਦੱਸਿਆ ਕਿ ਇਹ ਸੰਘਰਸ਼ 2994 ਬੈਕਲੌਗ ਅਸਾਮੀਆਂ ਦੀ ਭਰਤੀ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਿੱਖਿਆ ਵਿਭਾਗ ਪਹਿਲਾਂ ਇਹ ਅਸਾਮੀਆਂ ਭਰਨ ਲਈ ਸਹਿਮਤ ਸੀ, ਪਰ ਹੁਣ ਸਰਕਾਰ ਇਸ ਮਾਮਲੇ ਤੋਂ ਪਿੱਛੇ ਹਟ ਰਹੀ ਹੈ।

ਉਨ੍ਹਾਂ ਕਿਹਾ ਕਿ ਬੀਤੇ ਦਿਨ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਵੀ ਕੋਈ ਢੁੱਕਵਾਂ ਭਰੋਸਾ ਨਹੀਂ ਦਿੱਤਾ ਗਿਆ। ਸਰਕਾਰ ਵੱਲੋਂ ਕੇਸ ਦੀ ਮੁੜ ਜਾਂਚ ਕਰਵਾਉਣ ਦੀ ਗੱਲ ਕਹੀ ਗਈ ਹੈ, ਜਿਸ ਨਾਲ ਉਮੀਦਵਾਰਾਂ ਵਿੱਚ ਨਿਰਾਸ਼ਾ ਵਧੀ ਹੈ।

ਯੂਨੀਅਨ ਆਗੂਆਂ ਨੇ ਦਾਅਵਾ ਕੀਤਾ ਕਿ ਸਰਕਾਰ ਚੋਣ ਜ਼ਾਬਤੇ ਦਾ ਹਵਾਲਾ ਦੇ ਕੇ ਸਕਰੂਟਨੀ ਨੋਟਿਸ ਜਾਰੀ ਕਰਨ ਤੋਂ ਟਾਲਮਟੋਲ ਕਰ ਰਹੀ ਹੈ, ਜਦਕਿ ਭਰਤੀ ਨਾਲ ਸਬੰਧਤ ਸਾਰੇ ਨਿਯਮ ਉਮੀਦਵਾਰਾਂ ਦੇ ਹੱਕ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਚਾਹੇ ਤਾਂ ਨੋਟਿਸ ਤੁਰੰਤ ਜਾਰੀ ਕੀਤਾ ਜਾ ਸਕਦਾ ਹੈ।

ਯੂਨੀਅਨ ਮੁਤਾਬਕ ਲਗਭਗ 2500 ਉਮੀਦਵਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਭਰਤੀ ਪ੍ਰਕਿਰਿਆ ਪੂਰੀ ਹੋਣ ਦੀ ਉਡੀਕ ਕਰ ਰਹੇ ਹਨ। ਲੰਬੇ ਸਮੇਂ ਤੋਂ ਚੱਲ ਰਹੀ ਅਣਿਸ਼ਚਿਤਤਾ ਕਾਰਨ ਕਈ ਉਮੀਦਵਾਰ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਇਸ ਤੋਂ ਪਹਿਲਾਂ ਵੀ ਪਟਿਆਲਾ ਦੇ ਲੀਲਾ ਭਵਨ ਨੇੜੇ ਕਰੀਬ 83 ਦਿਨ ਤੱਕ ਟਾਵਰ ‘ਤੇ ਬੈਠ ਕੇ ਪ੍ਰਦਰਸ਼ਨ ਕਰ ਚੁੱਕਾ ਹੈ। ਫਿਲਹਾਲ ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਯੂਨੀਅਨ ਨੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ ਹੈ।