1November 2025 Aj Di Awaaj
Punjab Desk ਰਾਏਕੋਟ ਤਹਿਸੀਲ ਦੇ ਪੱਖਵਾਲ ਖੇਤਰ ਅਧੀਨ ਪਿੰਡ ਰਾਜਗੜ੍ਹ ‘ਚ ਬੀਤੀ ਰਾਤ ਲਗਭਗ 10 ਵਜੇ ਇੱਕ ਦਰਦਨਾਕ ਵਾਕਿਆ ਵਾਪਰਿਆ, ਜਿੱਥੇ ਅਵਤਾਰ ਸਿੰਘ (ਉਮਰ 40 ਸਾਲ) ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਬਜ਼ੁਰਗ ਪਿਤਾ ਬੂਟਾ ਸਿੰਘ (ਉਮਰ 75 ਸਾਲ) ਨੂੰ ਇੱਟਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।
ਮ੍ਰਿਤਕ ਬੂਟਾ ਸਿੰਘ ਦੀ ਪਤਨੀ ਮਨਜੀਤ ਕੌਰ ਅਤੇ ਦੋਸ਼ੀ ਦੀ ਪਤਨੀ ਵੀਰਪਾਲ ਕੌਰ ਨੇ ਦੱਸਿਆ ਕਿ ਅਵਤਾਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਅਕਸਰ ਨਸ਼ੇ ਦੀ ਹਾਲਤ ਵਿੱਚ ਘਰ ਵਿੱਚ ਹੰਗਾਮਾ ਕਰਦਾ ਰਹਿੰਦਾ ਸੀ। ਬੀਤੀ ਰਾਤ ਲਗਭਗ 10 ਵਜੇ ਜਦੋਂ ਉਹ ਨਸ਼ੇ ਵਿੱਚ ਘਰ ਆਇਆ, ਤਾਂ ਰੋਣ ਲੱਗ ਪਿਆ ਤੇ ਰਸੋਈ ਵੱਲ ਚਲਾ ਗਿਆ। ਉੱਥੇ ਉਸਨੇ ਗੈਸ ਸਿਲੰਡਰ ਚੁੱਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ‘ਤੇ ਉਸਦੇ ਪਿਤਾ ਬੂਟਾ ਸਿੰਘ ਨੇ ਉਸਨੂੰ ਰੋਕ ਲਿਆ।
ਗੁੱਸੇ ਵਿੱਚ ਆ ਕੇ ਅਵਤਾਰ ਸਿੰਘ ਨੇ ਆਪਣੇ ਬਜ਼ੁਰਗ ਤੇ ਬਿਮਾਰ 75 ਸਾਲਾ ਪਿਤਾ ਨੂੰ ਫੜ ਕੇ ਹੇਠਾਂ ਸੁੱਟ ਦਿੱਤਾ ਤੇ ਬੇਰਹਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸਨੇ ਨੇੜੇ ਪਈ ਇੱਟ ਚੁੱਕ ਕੇ ਪਿਤਾ ਦੇ ਸਿਰ ‘ਤੇ ਮਾਰੀ, ਜਿਸ ਨਾਲ ਬੂਟਾ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਦੇ ਚੀਕਾਂ ਮਾਰਨ ‘ਤੇ ਗੁਆਂਢੀ ਮੌਕੇ ‘ਤੇ ਆਏ ਤੇ ਦੋਸ਼ੀ ਨੂੰ ਰੋਕਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਮਿਲਦਿਆਂ ਹੀ ਥਾਣਾ ਸੁਧਾਰ ਦੇ ਐਸਐਚਓ ਗੁਰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲੁਧਿਆਣਾ ਦੇ ਮੁਰਦਾਘਰ ਭੇਜਿਆ ਗਿਆ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ।














