ਪਰਾਲੀ ਪ੍ਰਬੰਧਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਣਨੀਤੀ ਤਿਆਰ

1

ਬਰਨਾਲਾ, 14 ਸਤੰਬਰ 2026 AJ DI Awaaj

Punjab Desk :      ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਵਿਆਪਕ ਪੱਧਰ ’ਤੇ ਉਪਰਾਲੇ ਵਿੱਢੇ ਗਏ ਹਨ। ਇਸੇ ਤਹਿਤ ਜ਼ਿਲ੍ਹੇ ਵਿੱਚ ਖੇਤੀ ਮਸ਼ੀਨਰੀ ਦੀ ਉਪਲਬਧਤਾ ਵਧਾਉਣ ਦੇ ਨਾਲ-ਨਾਲ ਪਰਾਲੀ ਦੀ ਐਕਸ-ਸੀਟੂ ਵਰਤੋਂ ਲਈ ਨਵਾਂ ਬੁਨਿਆਦੀ ਢਾਂਚਾ ਵੀ ਤਿਆਰ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ 5,000 ਤੋਂ ਵੱਧ ਖੇਤੀ ਮਸ਼ੀਨਾਂ ਉਪਲਬਧ ਹਨ। ਇਸ ਦੇ ਨਾਲ ਹੀ ਸਾਲ 2026 ਦੌਰਾਨ ਜ਼ਿਲ੍ਹੇ ਵਿੱਚ 10 ਨਵੇਂ ਪੈਲਟ ਯੂਨਿਟ ਅਤੇ ਪਰਾਲੀ ਦੇ ਡੰਪ/ਸਟੋਰ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਯੂਨਿਟਾਂ ਦੇ ਚਾਲੂ ਹੋਣ ਨਾਲ ਖੇਤਾਂ ਵਿੱਚੋਂ ਪਰਾਲੀ ਦੀ ਸਮੇਂ ਸਿਰ ਬੇਲਰਾਂ ਰਾਹੀਂ ਇਕੱਠੀ ਕਰਨ, ਸਟੋਰ ਕਰਨ ਅਤੇ ਪੈਲਟ ਯੂਨਿਟਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਹੋਰ ਸੁਚਾਰੂ ਹੋਵੇਗੀ। ਇਸ ਨਾਲ ਪਰਾਲੀ ਦੀ ਐਕਸ-ਸੀਟੂ ਵਰਤੋਂ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਇਸ ਦੇ ਸੁਚੱਜੇ ਪ੍ਰਬੰਧਨ ਲਈ ਹੋਰ ਬਿਹਤਰ ਵਿਕਲਪ ਮਿਲਣਗੇ।
ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਇਸ ਸਾਲ ਝੋਨੇ ਹੇਠ ਲਗਭਗ 1,14,462 ਹੈਕਟੇਅਰ ਰਕਬਾ ਹੋਣ ਦੀ ਉਮੀਦ ਹੈ ਅਤੇ ਇਸ ਤੋਂ ਕਰੀਬ 7.10 ਲੱਖ ਟਨ ਪਰਾਲੀ ਪੈਦਾ ਹੋਣ ਦੀ ਸੰਭਾਵਨਾ ਹੈ। ਪਰਾਲੀ ਦੇ ਪ੍ਰਬੰਧਨ ਵਿੱਚ ਇਨ-ਸੀਟੂ ਦੇ ਨਾਲ-ਨਾਲ ਐਕਸ-ਸੀਟੂ ਤਕਨੀਕ ਦੀ ਵਰਤੋਂ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਸਾਲ 2024 ਵਿੱਚ ਪਰਾਲੀ ਦੀ ਲਗਭਗ 90 ਫੀਸਦੀ ਇਨ-ਸੀਟੂ ਅਤੇ 10 ਫੀਸਦੀ ਐਕਸ-ਸੀਟੂ ਵਰਤੋਂ ਹੋਈ ਸੀ, ਜਦਕਿ ਸਾਲ 2025 ਵਿੱਚ ਐਕਸ-ਸੀਟੂ ਵਰਤੋਂ ਵਧ ਕੇ ਲਗਭਗ 29.5 ਫੀਸਦੀ ਹੋ ਗਈ। 2025 ਵਿੱਚ ਐਕਸ-ਸੀਟੂ ਵਰਤੋਂ ਵਧ ਕੇ ਲਗਭਗ 50 ਫੀਸਦੀ ਤੱਕ ਲੈ ਕੇ ਜਾਣ ਦੀ ਸੰਭਾਵਨਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਦੇ ਸਹਿਯੋਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਲਗਾਤਾਰ ਜਾਗਰੂਕਤਾ ਅਤੇ ਨਿਗਰਾਨੀ ਉਪਰਾਲਿਆਂ ਸਦਕਾ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ। ਸਾਲ 2024 ਦੌਰਾਨ 262 ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਹੋਈਆਂ, ਜੋ ਸਾਲ 2023 ਦੇ ਮੁਕਾਬਲੇ ਕਰੀਬ 90 ਫੀਸਦੀ ਦੀ ਕਮੀ ਹੈ। ਸਾਲ 2025 ਵਿੱਚ ਇਹ ਗਿਣਤੀ 105 ਰਹੀ। ਉਨ੍ਹਾਂ ਦੱਸਿਆ ਕਿ ਸਾਲ 2024 ਵਿੱਚ ਇੱਕ ਪਿੰਡ ਵਿੱਚ ਸਭ ਤੋਂ ਵੱਧ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ 16 ਰਹੀ ਅਤੇ ਸਾਲ 2025 ਵਿੱਚ 7 ਰਹੀ।
ਸ੍ਰੀ ਹਰਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਬੇਲਰ ਮਾਲਕਾਂ ਅਤੇ ਆਪਰੇਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਉਹ ਆਪਣੀ ਮਸ਼ੀਨਰੀ ਨੂੰ ਵੱਧ ਤੋਂ ਵੱਧ ਬਰਨਾਲਾ ਜ਼ਿਲ੍ਹੇ ਵਿੱਚ ਹੀ ਲਗਾਉਣ ਅਤੇ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਦੀ ਸਮੇਂ ਸਿਰ ਬੇਲਿੰਗ ਕਰਕੇ ਉਸ ਨੂੰ ਨਿਰਧਾਰਤ ਡੰਪ/ਸਟੋਰਾਂ ਅਤੇ ਪੈਲਟ ਯੂਨਿਟਾਂ ਤੱਕ ਪਹੁੰਚਾਉਣ ਵਿੱਚ ਸਹਿਯੋਗ ਕਰਨ।
ਉਨ੍ਹਾਂ ਕਿਹਾ ਕਿ ਬੇਲਰ ਮਾਲਕ ਪੈਲਟ ਯੂਨਿਟਾਂ ਅਤੇ ਪਰਾਲੀ ਦੇ ਡੰਪ/ਸਟੋਰਾਂ ਦੇ ਮਾਲਕਾਂ ਨਾਲ ਪਹਿਲਾਂ ਤੋਂ ਤਾਲਮੇਲ ਬਣਾਉਣ ਤਾਂ ਜੋ ਪਰਾਲੀ ਇਕੱਠੀ ਕਰਨ ਅਤੇ ਉਸ ਦੀ ਢੋਆ-ਢੁਆਈ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪੈਲਟ ਯੂਨਿਟਾਂ ਅਤੇ ਪਰਾਲੀ ਸਟੋਰਾਂ ਦੀ ਗਿਣਤੀ ਵਧਣ ਨਾਲ ਬੇਲਰ ਮਾਲਕਾਂ ਲਈ ਵੀ ਬਰਨਾਲਾ ਜ਼ਿਲ੍ਹੇ ਵਿੱਚ ਕੰਮ ਕਰਨ ਦੇ ਵਧੇਰੇ ਮੌਕੇ ਪੈਦਾ ਹੋ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਸਿਰਫ ਰਹਿੰਦ-ਖੂੰਹਦ ਨਹੀਂ, ਸਗੋਂ ਇੱਕ ਕੀਮਤੀ ਖੇਤੀ ਸਰੋਤ ਹੈ। ਇਸ ਨੂੰ ਅੱਗ ਲਗਾਉਣ ਦੀ ਬਜਾਏ ਖੇਤ ਵਿੱਚ ਵਾਹ ਕੇ ਮਿੱਟੀ ਦੀ ਸਿਹਤ ਸੁਧਾਰਨ ਜਾਂ ਬੇਲਰਾਂ ਰਾਹੀਂ ਇਕੱਠਾ ਕਰਕੇ ਪੈਲਟ ਯੂਨਿਟਾਂ ਅਤੇ ਹੋਰ ਉਦਯੋਗਿਕ ਵਰਤੋਂ ਲਈ ਭੇਜਿਆ ਜਾ ਸਕਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ, ਖੇਤੀਬਾੜੀ ਵਿਭਾਗ ਵੱਲੋਂ ਉਪਲਬਧ ਕਰਵਾਈ ਜਾ ਰਹੀ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਬੇਲਰ ਮਾਲਕਾਂ ਅਤੇ ਪੈਲਟ ਯੂਨਿਟਾਂ ਨਾਲ ਤਾਲਮੇਲ ਕਰਨ।