ਬੀਬੀਐਮਬੀ ਹਸਪਤਾਲ ਵੱਲੋਂ ਸਵਾਇਨ ਫਲੂ ਤੋਂ ਬਚਾਅ ਬਾਰੇ ਐਡਵਾਈਜਰੀ ਜਾਰੀ

1

ਤਲਵਾੜਾ:26 ਅਗਸਤ 2026 AJ DI Awaaj

Punjab Desk :    ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਮੁੱਖ ਇੰਜਨੀਅਰ ਰਾਕੇਸ਼ ਕੁਮਾਰ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਬੀਬੀਐਮਬੀ ਹਸਪਤਾਲ ਵੱਲੋਂ ਮਿਸ਼ਨ ਸਿਹਤਮੰਦ ਸਮਾਜ ਤਹਿਤ ਲੋਕਾਂ ਲਈ ਸਵਾਇਨ ਫਲੂ ਤੋਂ ਬਚਾਅ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

          ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀਐਮਬੀ ਹਸਪਤਾਲ ਦੇ ਮਾਹਿਰ ਡਾ: ਸੁਖਦੇਵ ਸਿੰਘ ਸੰਧੂ ਨੇ ਦੱਸਿਆ ਕਿ ਸਵਾਇਨ ਫਲੂ ਦੇ ਕੇਸਾਂ ਦੀ ਗਿਣਤੀ ਦੇਸ਼ ਅੰਦਰ ਵਧੀ ਹੈ ਪਰ ਇਸ ਤੋਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਇਹ ਐਚ1 ਐਨ1 ਦਾ ਪੁਰਾਣਾ ਵੇਰੀਐਂਟ ਹੈ। ਇਸ ਦੇ ਇਲਾਜ ਦੌਰਾਨ ਮਰੀਜ ਦੀ ਜਾਂਚ ਕਰਨ ਤੋਂ ਬਾਅਦ ਟ੍ਰੀਟਮੈਂਟ ਦੇ ਕੇ ਘਰ ਭੇਜ ਦਿੱਤਾ ਜਾਂਦਾ ਹੈ, ਕਿਸੇ ਵੀ ਤੰਦਰੁਸਤ ਵਿਅਕਤੀ ਨੂੰ ਇਸ ਨਾਲ ਚਿੰਤਤ ਹੋਣ ਦੀ ਲੋੜ ਨਹੀਂ ਹੈ l ਸਿਰਫ ਗਰਭਵਤੀ ਔਰਤਾਂ, ਛੋਟੇ ਬੱਚਿਆਂ, ਕੈਂਸਰ ਦੇ ਮਰੀਜ਼ਾਂ, ਸ਼ੂਗਰ ਦੇ ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਭੀੜ ਭੜੱਕੇ ਵਾਲੇ ਏਰੀਏ ਵਿੱਚ ਜਾਣ ਤੋਂ ਬਚਣਾ ਚਾਹੀਦਾ ਹੈ। ਜੇਕਰ ਜਾਣ ਦੀ ਲੋੜ ਹੋਵੇ ਤਾਂ ਮਾਸਕ ਪਾ ਕੇ ਜਾਣਾ ਚਾਹੀਦਾ ਹੈ l

ਉਨ੍ਹਾਂ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਨਮੀਂ ਹੋਣ ਕਾਰਨ ਅਕਸਰ ਵਾਇਰਲ ਇਨਫੈਕਸ਼ਨ ਵਧਣ ਦੇ ਚਾਂਸ ਹੁੰਦੇ ਹਨ l ਉਨ੍ਹਾਂ ਕਿਹਾ ਕਿ ਸਵਾਈਨ ਫਲੂ ਤੋਂ ਡਰਨ ਦੀ ਲੋੜ ਨਹੀਂ ਸਗੋਂ ਇਸ ਤੋਂ ਬਚਣ ਅਤੇ ਇਸ ਦੇ ਤੁਰੰਤ ਇਲਾਜ਼ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਵਾਇਨ ਫਲੂ ਐਚ-1.ਐਨ-1 ਨਾਮ ਦੇ ਵਿਸ਼ਾਣੂ ਰਾਹੀਂ ਹੁੰਦਾ ਹੈ ਜੋ ਕਿ ਇੱਕ ਤੋਂ ਦੂਜੇ ਮਨੁੱਖ ਵਿਚ ਸਾਹ ਰਾਹੀਂ ਫੈਲਦਾ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਖੰਘਦੇ ਜਾਂ ਛਿੱਕਦੇ ਹੋਏ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖੋ, ਆਪਣਾ ਨੱਕ ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਪਹਿਲਾਂ ਤੇ ਬਾਅਦ ਵਿੱਚ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ, ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਓ, ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖਾਰ ਨਾਲ ਪੀੜਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ, ਪੀਣ ਵਾਲੀਆਂ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰੋ, ਫਲੂ ਦੇ ਲੱਛਣਾਂ ਵਾਲੇ ਮਰੀਜ਼ ਨਾਲ ਹੱਥ ਨਾ ਮਿਲਾਓ, ਬਾਹਰ ਅਤੇ ਖੁੱਲੇ ਮੈਦਾਨ ਵਿੱਚ ਨਾ ਥੁੱਕੋ। ਉਨ੍ਹਾਂ ਕਿਹਾ ਕਿ ਅਜਿਹੀਆਂ ਸਾਵਧਾਨੀਆਂ ਰੱਖਣ ਨਾਲ ਸਵਾਈਨ ਫਲੂ ਤੋਂ ਬਚਿਆ ਜਾ ਸਕਦਾ ਹੈ।

ਡਾ: ਸੁਖਦੇਵ ਸਿੰਘ ਸੰਧੂ ਨੇ ਸਵਾਇਨ ਫਲੂ ਦੇ ਮੁੱਖ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੇਜ ਬੁਖਾਰ, ਖਾਂਸੀ, ਜ਼ੁਕਾਮ, ਛਿੱਕਾਂ ਆਉਣੀਆਂ, ਨੱਕ ਵਗਣਾ, ਗਲੇ ਵਿੱਚ ਦਰਦ, ਸਾਹ ਲੈਣ ਵਿਚ ਤਕਲੀਫ, ਦਸਤ ਲੱਗਣਾ, ਸਰੀਰ ਟੁੱਟਦਾ ਮਹਿਸੂਸ ਹੋਣਾ ਆਦਿ ਇਸ ਦੇ ਮੁੱਖ ਲੱਛਣ ਹੁੰਦੇ ਹਨ ਅਜਿਹੇ ਲੱਛਣ ਹੋਣ ‘ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿਖੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ।