41ਵਾਂ ਕੌਮੀ ਅੱਖਾਂ ਦਾਨ ਪੰਦਰਵਾੜਾ

2
ਰੂਪਨਗਰ, 26 ਅਗਸਤ 2026 AJ DI Awaaj
Punjab Desk : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਵਿੱਚ 41ਵਾਂ ਕੌਮੀ ਅੱਖਾਂ ਦਾਨ ਪੰਦਰਵਾੜਾ ਅੱਜ ਸ਼ੁਰੂ ਹੋ ਗਿਆ। ਇਹ ਪੰਦਰਵਾੜਾ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਦੇ ਮਹਾਨ ਅਤੇ ਮਨੁੱਖਤਾ-ਭਰਪੂਰ ਕਾਰਜ ਪ੍ਰਤੀ ਜਾਗਰੂਕ ਕਰਨਾ ਅਤੇ ਇਸ ਸਬੰਧੀ ਫੈਲੀਆਂ ਗਲਤ ਧਾਰਨਾਵਾਂ ਤੇ ਅਫ਼ਵਾਹਾਂ ਨੂੰ ਦੂਰ ਕਰਨਾ ਹੈ।
ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਬੌਬੀ ਗੁਲਾਟੀ ਨੇ ਜਾਗਰੂਕਤਾ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਦਰਵਾੜੇ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਆਪਕ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਆਮ ਲੋਕਾਂ, ਨੌਜਵਾਨਾਂ, ਸਮਾਜ ਸੇਵੀ ਸੰਸਥਾਵਾਂ ਅਤੇ ਵੱਖ-ਵੱਖ ਭਾਈਚਾਰਿਆਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਸੂਚਨਾ, ਸਿੱਖਿਆ ਅਤੇ ਸੰਚਾਰ ਗਤੀਵਿਧੀਆਂ ਵੀ ਚਲਾਈਆਂ ਜਾਣਗੀਆਂ।
ਡਾ. ਬੌਬੀ ਗੁਲਾਟੀ ਨੇ ਕਿਹਾ ਕਿ ਦੇਸ਼ ਵਿੱਚ ਕਾਰਨੀਆ ਦੇ ਟਰਾਂਸਪਲੇਸ਼ਨ ਲਈ ਦਾਨ ਕੀਤੇ ਕਾਰਨੀਆ ਦੀ ਲੋੜ ਹੈ। ਅੱਖ ਦੀ ਪੁਤਲੀ ਦੇ ਸਾਹਮਣੇ ਮੌਜੂਦ ਪਾਰਦਰਸ਼ੀ ਪਰਤ ਨੂੰ ਕਾਰਨੀਆ ਕਿਹਾ ਜਾਂਦਾ ਹੈ। ਬਿਮਾਰੀ, ਸੱਟ ਜਾਂ ਕਿਸੇ ਹੋਰ ਕਾਰਨ ਕਾਰਨੀਆ ਦੇ ਖ਼ਰਾਬ ਹੋਣ ਨਾਲ ਵਿਅਕਤੀ ਦੀ ਨਜ਼ਰ ਜਾ ਸਕਦੀ ਹੈ, ਜਿਸ ਨੂੰ ਕਾਰਨੀਅਲ ਅੰਨ੍ਹਾਪਣ ਕਿਹਾ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਦਾਨ ਕੀਤੇ ਕਾਰਨੀਆ ਦਾ ਟਰਾਂਸਪਲੇਸ਼ਨ ਨਜ਼ਰ ਵਾਪਸ ਲਿਆਉਣ ਵਿੱਚ ਸਹਾਇਕ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਮਰਨ ਉਪਰੰਤ ਦਾਨੀ ਤੋਂ ਅੱਖ ਦਾ ਕਾਰਨੀਆ ਪ੍ਰਾਪਤ ਕਰਕੇ ਲੋੜਵੰਦ ਵਿਅਕਤੀ ਵਿੱਚ ਟਰਾਂਸਪਲੇਸ਼ਨ ਕੀਤਾ ਜਾਂਦਾ ਹੈ। ਇਸ ਡਾਕਟਰੀ ਪ੍ਰਕਿਰਿਆ ਨੂੰ ਕੇਰਾਟੋਪਲਾਸਟੀ ਕਿਹਾ ਜਾਂਦਾ ਹੈ। ਇੱਕ ਵਿਅਕਤੀ ਵੱਲੋਂ ਦਾਨ ਕੀਤੇ ਕਾਰਨੀਆ ਦੋ ਵਿਅਕਤੀਆਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆਉਣ ਵਿੱਚ ਸਹਾਇਕ ਹੋ ਸਕਦੇ ਹਨ।
ਡਾ. ਬੌਬੀ ਗੁਲਾਟੀ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਆਗੂਆਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਕਾਰਜ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਸਰੀਰ ਮਿੱਟੀ ਜਾਂ ਰਾਖ ਬਣ ਜਾਂਦਾ ਹੈ, ਪਰ ਅੱਖਾਂ ਦਾਨ ਕਰਕੇ ਅਸੀਂ ਕਿਸੇ ਹੋਰ ਵਿਅਕਤੀ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆ ਸਕਦੇ ਹਾਂ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਜਾਂ ਹਸਪਤਾਲ ਨਾਲ ਸੰਪਰਕ ਕਰਕੇ ਅੱਖਾਂ ਦਾਨ ਕਰਨ ਦਾ ਪ੍ਰਣ ਲੈਣ ਅਤੇ ਲੋੜੀਂਦਾ ਫਾਰਮ ਭਰਨ।