ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੇਡ ਮੈਦਾਨ ਦਾ ਕੀਤਾ ਉਦਘਾਟਨ

1
ਨੰਗਲ 16 ਅਕਤੂਬਰ 2026 AJ DI Awaaj
Punjab Desk   : ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਲਾਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਲਗਾਤਾਰ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਉਨ੍ਹਾਂ ਨੇ ਪਿੰਡ ਰਾਏਪੁਰ ਅੱਪਰ ਵਿੱਚ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਖੇਡ ਮੈਦਾਨ ਦਾ ਉਦਘਾਟਨ ਕੀਤਾ। ਕਰੀਬ ਦੋ ਕਨਾਲ ਜਗ੍ਹਾ ਵਿੱਚ ਤਿਆਰ ਕੀਤਾ ਗਿਆ ਇਹ ਖੇਡ ਮੈਦਾਨ ਪਿੰਡ ਦੇ ਨੌਜਵਾਨਾਂ, ਬੱਚਿਆਂ ਅਤੇ ਹੋਰ ਵਸਨੀਕਾਂ ਲਈ ਖੇਡਾਂ ਤੇ ਸਰੀਰਕ ਗਤੀਵਿਧੀਆਂ ਦਾ ਮਹੱਤਵਪੂਰਨ ਕੇਂਦਰ ਬਣੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਖੇਡ ਮੈਦਾਨ ਦੀ ਸਹੂਲਤ ਮਿਲਣ ’ਤੇ ਖੁਸ਼ੀ ਪ੍ਰਗਟਾਈ।
ਖੇਡ ਮੈਦਾਨ ਵਿੱਚ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇੱਥੇ ਵਾਲੀਬਾਲ ਖੇਡਣ ਲਈ ਪ੍ਰਬੰਧ ਕੀਤਾ ਗਿਆ ਹੈ ਅਤੇ ਛੋਟੇ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਲਗਾਏ ਗਏ ਹਨ। ਇਸ ਤੋਂ ਇਲਾਵਾ ਰਾਤ ਸਮੇਂ ਵੀ ਖੇਡ ਗਤੀਵਿਧੀਆਂ ਅਤੇ ਹੋਰ ਜਨਤਕ ਸਰਗਰਮੀਆਂ ਨੂੰ ਸੁਵਿਧਾਜਨਕ ਬਣਾਉਣ ਲਈ ਹਾਈ ਮਾਸਟ ਲਾਈਟਾਂ ਲਗਾਈਆਂ ਗਈਆਂ ਹਨ। ਲੋਕਾਂ ਦੇ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਨਾਲ ਬਜ਼ੁਰਗਾਂ ਅਤੇ ਖੇਡਾਂ ਦੇਖਣ ਆਉਣ ਵਾਲੇ ਲੋਕਾਂ ਨੂੰ ਸਹੂਲਤ ਮਿਲੇਗੀ।
ਖੇਡ ਮੈਦਾਨ ਵਿੱਚ ਪਾਣੀ ਦੀ ਸਹੂਲਤ ਲਈ ਟਿਊਬਵੈੱਲ ਅਤੇ ਹਾਈਡ੍ਰੈਂਟ ਸਿਸਟਮ ਵੀ ਲਗਾਇਆ ਗਿਆ ਹੈ। ਇਹ ਸਾਰਾ ਕੰਮ ਪੰਚਾਇਤ ਰਾਜ ਵਿਭਾਗ ਦੇ ਅਧੀਨ ਕਰਵਾਇਆ ਗਿਆ ਹੈ। ਇਨ੍ਹਾਂ ਸਹੂਲਤਾਂ ਨਾਲ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਮਿਲੇਗਾ। ਖੇਡ ਮੈਦਾਨ ਦੇ ਵਿਕਾਸ ਨਾਲ ਪਿੰਡ ਵਿੱਚ ਸਿਹਤਮੰਦ ਜੀਵਨ ਸ਼ੈਲੀ ਅਤੇ ਆਪਸੀ ਭਾਈਚਾਰੇ ਨੂੰ ਵੀ ਹੁਲਾਰਾ ਮਿਲਣ ਦੀ ਉਮੀਦ ਹੈ।
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਰਾਸ਼ੀ ਨਾਲ ਪਿੰਡ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਉਣ ਵਿੱਚ ਮਦਦ ਮਿਲੇਗੀ। ਪਿੰਡ ਵਾਸੀਆਂ ਨੇ ਖੇਡ ਮੈਦਾਨ ਦੇ ਉਦਘਾਟਨ ਅਤੇ ਵਿਕਾਸ ਲਈ ਗ੍ਰਾਂਟ ਦੇਣ ਵਾਸਤੇ ਮੰਤਰੀ ਦਾ ਧੰਨਵਾਦ ਕੀਤਾ।
ਇਸ ਮੌਕੇ ਸਰਪੰਚ ਗੁਰਵਿੰਦਰ ਕੌਰ ਸੇਖੋ, ਸੁਖਵਿੰਦਰ ਸਿੰਘ ਸੇਖੋ, ਪੰਮੂ ਢਿੱਲੋਂ, ਪੰਚ ਸੁਰਜੀਤ ਕੁਮਾਰ, ਭਾਗੋ ਬੇਗਮ, ਰਮੇਸ਼ ਕੌਰ, ਗੁਰਮੇਲ ਸਿੰਘ, ਬਿੱਕਰ ਸਿੰਘ, ਰਜਿੰਦਰ ਸਿੰਘ, ਅਮਰੀਕ ਸਿੰਘ, ਕਾਲਾ ਜਾਦਲਾ, ਦਿਲਬਾਗ ਸਿੰਘ, ਗੁਰਨਾਮ ਸਰਸਾ, ਕਮਲ ਬਲੋਲੀ, ਲਾਡੀ ਭੰਗਲ, ਦੜੋਲੀ ਦੇ ਸਰਪੰਚ ਸ਼ਿਵ ਕੁਮਾਰ ਅਤੇ ਦੜੋਲੀ ਦੇ ਬੀ.ਡੀ.ਸੀ. ਮੈਂਬਰ ਨਰੇਸ਼ ਕੁਮਾਰ ਸਮੇਤ ਹੋਰ ਪਤਵੰਤੇ ਅਤੇ ਪਿੰਡ ਵਾਸੀ ਹਾਜ਼ਰ ਸਨ।