ਕਾਬੁਲ, 10 ਜੂਨ 2026 Aj Di Awaaj
International Desk: ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਪਾਕਿਸਤਾਨ ‘ਤੇ ਆਪਣੇ ਖੇਤਰ ਵਿੱਚ ਹਵਾਈ ਹਮਲੇ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਤਾਲਿਬਾਨ ਪ੍ਰਸ਼ਾਸਨ ਦੇ ਅਨੁਸਾਰ ਇਨ੍ਹਾਂ ਹਮਲਿਆਂ ਵਿੱਚ 13 ਲੋਕਾਂ ਦੀ ਮੌ*ਤ ਹੋਈ ਹੈ, ਜਿਨ੍ਹਾਂ ਵਿੱਚ 11 ਬੱਚੇ ਸ਼ਾਮਲ ਹਨ, ਜਦਕਿ 14 ਹੋਰ ਲੋਕ ਜ਼ਖ਼ਮੀ ਹੋਏ ਹਨ।
ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਦੱਸਿਆ ਕਿ ਹਮਲੇ ਖੋਸਤ, ਕੁਨਾਰ ਅਤੇ ਪਕਤੀਕਾ ਸੂਬਿਆਂ ਵਿੱਚ ਕੀਤੇ ਗਏ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਜਾਰੀ ਬਿਆਨ ਵਿੱਚ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਅਫ਼ਗਾਨ ਹਵਾਈ ਖੇਤਰ ਦੀ ਉਲੰਘਣਾ ਕਰਦੇ ਹੋਏ ਆਮ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ।
ਮੁਜਾਹਿਦ ਮੁਤਾਬਕ ਮਾਰੇ ਗਏ ਲੋਕਾਂ ਵਿੱਚ 11 ਬੱਚੇ, ਇੱਕ ਔਰਤ ਅਤੇ ਇੱਕ ਬਜ਼ੁਰਗ ਵਿਅਕਤੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਹਮਲਾ ਮਨੁੱਖਤਾ ਵਿਰੋਧੀ ਅਪਰਾਧ ਹੈ ਅਤੇ ਤਾਲਿਬਾਨ ਸਰਕਾਰ ਇਸ ਦੀ ਸਖ਼ਤ ਨਿੰਦਾ ਕਰਦੀ ਹੈ।
ਦੂਜੇ ਪਾਸੇ, ਪਾਕਿਸਤਾਨ ਵੱਲੋਂ ਹਾਲੇ ਤੱਕ ਇਨ੍ਹਾਂ ਦੋਸ਼ਾਂ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਜਾਂ ਬਿਆਨ ਜਾਰੀ ਨਹੀਂ ਕੀਤਾ ਗਿਆ। ਇਸ ਕਾਰਨ ਘਟਨਾ ਦੇ ਵੇਰਵਿਆਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ ਹੈ।
ਸਰਹੱਦੀ ਤਣਾਅ ਦਰਮਿਆਨ ਵਧੀ ਚਿੰਤਾ
ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਸਰਹੱਦ ਪਾਰ ਝੜਪਾਂ ਅਤੇ ਸੁਰੱਖਿਆ ਤਣਾਅ ਜਾਰੀ ਹੈ। ਦੋਵੇਂ ਦੇਸ਼ ਇੱਕ-ਦੂਜੇ ‘ਤੇ ਸਰਹੱਦ ਪਾਰ ਅੱਤਵਾਦੀ ਗਤੀਵਿਧੀਆਂ ਨੂੰ ਸ਼ਹਿ ਦੇਣ ਦੇ ਦੋਸ਼ ਲਗਾਉਂਦੇ ਰਹੇ ਹਨ।
ਪਾਕਿਸਤਾਨ ਦਾ ਦੋਸ਼ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਦੇ ਮੈਂਬਰਾਂ ਨੂੰ ਅਫ਼ਗਾਨਿਸਤਾਨ ਵਿੱਚ ਪਨਾਹ ਮਿਲ ਰਹੀ ਹੈ ਅਤੇ ਉਹ ਪਾਕਿਸਤਾਨ ਦੇ ਅੰਦਰ ਹਮਲੇ ਕਰ ਰਹੇ ਹਨ। ਜਦਕਿ ਅਫ਼ਗਾਨ ਤਾਲਿਬਾਨ ਸਰਕਾਰ ਇਨ੍ਹਾਂ ਦੋਸ਼ਾਂ ਨੂੰ ਨਕਾਰਦੀ ਰਹੀ ਹੈ।
ਖੇਤਰੀ ਸੁਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਰਹੱਦੀ ਇਲਾਕਿਆਂ ਵਿੱਚ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।














