India 29 July 2026 AJ DI Awaaj
National Desk : ਭਾਰਤੀ ਮੌਸਮ ਵਿਭਾਗ (IMD) ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ, ਗਰਜ-ਚਮਕ, ਤੇਜ਼ ਹਵਾਵਾਂ ਅਤੇ ਕੁਝ ਥਾਵਾਂ ‘ਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਉੱਤਰੀ, ਉੱਤਰ-ਪੂਰਬੀ ਅਤੇ ਦੱਖਣੀ ਭਾਰਤ ਦੇ ਕਈ ਇਲਾਕਿਆਂ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਕੁਝ ਖੇਤਰਾਂ ਵਿੱਚ ਹਵਾ ਦੀ ਰਫ਼ਤਾਰ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਇਸ ਕਾਰਨ ਰੁੱਖ ਉਖੜਨ, ਬਿਜਲੀ ਸਪਲਾਈ ਪ੍ਰਭਾਵਿਤ ਹੋਣ, ਸੜਕੀ ਆਵਾਜਾਈ ਵਿੱਚ ਰੁਕਾਵਟ ਅਤੇ ਹੋਰ ਨੁਕਸਾਨ ਦੀ ਸੰਭਾਵਨਾ ਹੈ। ਲੋਕਾਂ ਨੂੰ ਖਰਾਬ ਮੌਸਮ ਦੌਰਾਨ ਬੇਲੋੜੀ ਯਾਤਰਾ ਤੋਂ ਬਚਣ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਸਕਾਈਮੇਟ ਅਤੇ ਆਈਐਮਡੀ ਨੇ ਗੁਜਰਾਤ, ਮਹਾਰਾਸ਼ਟਰ, ਗੋਆ, ਮੱਧ ਭਾਰਤ, ਉੱਤਰ-ਪੂਰਬ ਅਤੇ ਦੱਖਣੀ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਪਹਾੜੀ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਅਤੇ ਮੈਦਾਨੀ ਖੇਤਰਾਂ ਵਿੱਚ ਪਾਣੀ ਭਰਨ ਦਾ ਖ਼ਤਰਾ ਵੀ ਬਣਿਆ ਹੋਇਆ ਹੈ।
ਪੰਜਾਬ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਬਠਿੰਡਾ, ਫਰੀਦਕੋਟ, ਸੰਗਰੂਰ ਅਤੇ ਕਪੂਰਥਲਾ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਗਰਜ-ਚਮਕ ਨਾਲ ਮੀਂਹ ਪੈਣ ਅਤੇ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਤਾਜ਼ਾ ਅਪਡੇਟ ‘ਤੇ ਨਜ਼ਰ ਰੱਖਣ ਅਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ।



















