ਚੰਡੀਗੜ੍ਹ:10 June 2026 AJ DI Awaaj
Chandigarh Desk : ਮਾਨਸੂਨ ਦੀ ਆਮਦ ਤੋਂ ਪਹਿਲਾਂ ਪੰਜਾਬ ਵਿੱਚ ਹੜ੍ਹ ਵਰਗੇ ਹਾਲਾਤਾਂ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਇਸ ਵਾਰ ਚਿੰਤਾ ਦੀ ਵਜ੍ਹਾ ਭਾਰੀ ਵਰਖਾ ਨਹੀਂ, ਸਗੋਂ ਸੂਬੇ ਦੇ ਪ੍ਰਮੁੱਖ ਡੈਮਾਂ ਵਿੱਚ ਪਹਿਲਾਂ ਹੀ ਮੌਜੂਦ ਪਾਣੀ ਦੀ ਵੱਡੀ ਮਾਤਰਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵੱਲੋਂ ਹਿੱਸੇਦਾਰ ਸੂਬਿਆਂ ਨੂੰ ਵਾਧੂ ਪਾਣੀ ਲੈਣ ਦੀ ਅਪੀਲ ਕੀਤੇ ਜਾਣ ਤੋਂ ਬਾਅਦ ਸਥਿਤੀ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਹਨ।
ਤਾਜ਼ਾ ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿੱਚ ਇਸ ਵੇਲੇ ਪਾਣੀ ਦਾ ਪੱਧਰ 1578.07 ਫੁੱਟ ਦਰਜ ਕੀਤਾ ਗਿਆ ਹੈ, ਜੋ ਪਿਛਲੇ ਸਾਲ ਦੇ ਇਸੇ ਸਮੇਂ ਦੇ 1556.60 ਫੁੱਟ ਦੇ ਮੁਕਾਬਲੇ 21.47 ਫੁੱਟ ਵੱਧ ਹੈ।
ਇਸੇ ਤਰ੍ਹਾਂ ਪੌਂਗ ਡੈਮ ਵਿੱਚ ਵੀ ਪਾਣੀ ਦਾ ਪੱਧਰ 1328.24 ਫੁੱਟ ਤੱਕ ਪਹੁੰਚ ਗਿਆ ਹੈ, ਜਦਕਿ ਪਿਛਲੇ ਸਾਲ ਇਹ 1292.78 ਫੁੱਟ ਸੀ। ਇਸ ਤਰ੍ਹਾਂ ਡੈਮ ਵਿੱਚ 35.46 ਫੁੱਟ ਵੱਧ ਪਾਣੀ ਮੌਜੂਦ ਹੈ, ਜੋ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ।
ਰਣਜੀਤ ਸਾਗਰ ਡੈਮ ਦੀ ਸਥਿਤੀ ਵੀ ਇਸੇ ਤਰ੍ਹਾਂ ਦੀ ਹੈ। ਡੈਮ ਵਿੱਚ ਇਸ ਸਮੇਂ ਪਾਣੀ ਦਾ ਪੱਧਰ 1676.05 ਫੁੱਟ ਹੈ, ਜੋ ਪਿਛਲੇ ਸਾਲ ਦੇ 1663.55 ਫੁੱਟ ਦੇ ਮੁਕਾਬਲੇ ਕਾਫ਼ੀ ਵੱਧ ਹੈ। ਅੰਕੜੇ ਦਰਸਾਉਂਦੇ ਹਨ ਕਿ ਤਿੰਨਾਂ ਵੱਡੇ ਡੈਮਾਂ ਵਿੱਚ ਪਿਛਲੇ ਸਾਲ ਨਾਲੋਂ ਵਧੇਰੇ ਪਾਣੀ ਸਟੋਰ ਹੈ।
ਡੈਮਾਂ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ BBMB ਨੇ ਹਿੱਸੇਦਾਰ ਸੂਬਿਆਂ ਨੂੰ ਵਾਧੂ ਪਾਣੀ ਦੀ ਵਰਤੋਂ ਕਰਨ ਲਈ ਕਿਹਾ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਸੰਭਾਵਿਤ ਦਬਾਅ ਨੂੰ ਘਟਾਇਆ ਜਾ ਸਕੇ। ਜਾਣਕਾਰੀ ਮੁਤਾਬਕ ਪੰਜਾਬ ਨੇ 36 ਹਜ਼ਾਰ ਕਿਊਸਿਕ ਪਾਣੀ ਦੀ ਮੰਗ ਵੀ ਰੱਖੀ ਹੈ।
ਹਾਲਾਂਕਿ ਕਿਸੇ ਵੀ ਸਰਕਾਰੀ ਏਜੰਸੀ ਵੱਲੋਂ ਹੜ੍ਹ ਸਬੰਧੀ ਕੋਈ ਅਧਿਕਾਰਕ ਅਲਰਟ ਜਾਰੀ ਨਹੀਂ ਕੀਤਾ ਗਿਆ, ਪਰ ਮਾਨਸੂਨ ਤੋਂ ਪਹਿਲਾਂ ਡੈਮਾਂ ਵਿੱਚ ਉੱਚ ਪਾਣੀ ਪੱਧਰ ਕਾਰਨ ਪ੍ਰਸ਼ਾਸਨ ਅਤੇ ਮਾਹਿਰ ਸਥਿਤੀ ‘ਤੇ ਨਜ਼ਰ ਬਣਾਈ ਹੋਈ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਹਫ਼ਤੇ ਅਹਿਮ ਰਹਿਣਗੇ। ਮਾਨਸੂਨ ਦੌਰਾਨ ਹੋਣ ਵਾਲੀ ਵਰਖਾ, ਪਹਾੜੀ ਖੇਤਰਾਂ ਵਿੱਚ ਪਾਣੀ ਦੀ ਆਮਦ ਅਤੇ ਡੈਮ ਪ੍ਰਬੰਧਨ ਦੀ ਰਣਨੀਤੀ ਹੀ ਇਹ ਤੈਅ ਕਰੇਗੀ ਕਿ ਪੰਜਾਬ ਵਿੱਚ ਹਾਲਾਤ ਆਮ ਰਹਿੰਦੇ ਹਨ ਜਾਂ ਫਿਰ ਹੜ੍ਹਾਂ ਦਾ ਖ਼ਤਰਾ ਵਧਦਾ ਹੈ।














