ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਕੀਤਾ ਜਾਵੇਗਾ ਜਾਗਰੂਕ

38

ਫਾਜ਼ਿਲਕਾ, 18 ਸਤੰਬਰ 2025 AJ Di Awaaj

Punjab Desk : ਫਾਜ਼ਿਲਕਾ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਇੱਕ ਸਮੀਖਿਆ ਬੈਠਕ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ  ਮਨਦੀਪ ਕੌਰ ਨੇ ਕੀਤੀ, ਜਿਸ ਵਿੱਚ ਐਸਐਸਪੀ ਗੁਰਮੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਬਿਨਾਂ ਪਰਾਲੀ ਸਾੜੇ ਇਸ ਦਾ ਨਿਪਟਾਰਾ ਕਰ ਸਕਣ। ਉਹਨਾਂ ਨੇ ਆਖਿਆ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਕੋਲ ਉਪਲਬਧ ਮਸ਼ੀਨਾਂ ਦੀ ਮੈਪਿੰਗ ਕਰੇਗਾ ਅਤੇ ਜਿੰਨਾ ਕਿਸਾਨਾਂ ਕੋਲ ਮਸ਼ੀਨਾਂ ਹਨ ਉਹਨਾਂ ਤੋਂ ਇੱਕ ਸਵੈ ਘੋਸ਼ਣਾ ਵੀ ਲਈ ਜਾਵੇਗੀ ਕਿ ਉਹ ਪਰਾਲੀ ਨਹੀਂ ਸਾੜਨਗੇ। ਉਹਨਾਂ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਹਰੇਕ ਵਿਭਾਗ ਸਹਿਯੋਗ ਕਰੇਗਾ ਅਤੇ ਜ਼ਿਲੇ ਵਿੱਚ 50 ਏਕੜ ਤੋਂ ਵੱਧ ਰਕਬੇ ਵਿੱਚ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਵੀ ਪਹਿਚਾਣ ਕੀਤੀ ਗਈ ਹੈ। ਉਨਾਂ ਨੇ ਆਖਿਆ ਕਿ ਸਰਕਾਰੀ ਕਰਮਚਾਰੀਆਂ, ਪੰਚਾਂ, ਸਰਪੰਚਾਂ, ਨੰਬਰਦਾਰਾਂ ਸਮੇਤ ਹਰੇਕ ਵਰਗ ਨੂੰ ਅਪੀਲ ਕੀਤੀ ਜਾਵੇਗੀ ਕਿ ਕੋਈ ਵੀ ਪਰਾਲੀ ਨੂੰ ਨਾ ਸਾੜੇ। ਉਹਨਾਂ ਨੇ ਕਿਹਾ ਕਿ ਪੰਚਾਇਤਾਂ ਵੱਲੋਂ ਇਸ ਸਬੰਧੀ ਗ੍ਰਾਮ ਸਭਾਵਾਂ ਕਰਕੇ ਵੀ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇਗਾ। ਉਹਨਾਂ ਨੇ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਹਰੇਕ ਪਿੰਡ ਵਿੱਚ ਇੱਕ ਕੈਂਪ ਲਾ ਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਵਿਗਿਆਨਿਕ ਨੁਕਤਿਆਂ ਦੀ ਜਾਣਕਾਰੀ ਦਿੱਤੀ ਜਾਵੇ । ਇਸੇ ਤਰ੍ਹਾਂ ਜਿਨਾਂ ਨੇ ਪਿਛਲੇ ਸਾਲ ਪਰਾਲੀ ਨੂੰ ਅੱਗ ਲਾਈ ਸੀ ਉਹਨਾਂ ਨੂੰ ਵੀ ਖੇਤੀਬਾੜੀ ਵਿਭਾਗ ਇੱਕ ਪੱਤਰ ਭੇਜ ਕੇ ਇਸ ਵਾਰ ਅਜਿਹਾ ਗੁਨਾਹ ਨਾ ਕਰਨ ਦੀ ਅਪੀਲ ਕਰੇਗਾ ਅਤੇ ਜਿਹੜੇ ਕਿਸਾਨ ਪਿਛਲੇ ਤਿੰਨ ਸਾਲਾਂ ਤੋਂ ਪਰਾਲੀ ਨਹੀਂ ਸਾੜ ਰਹੇ ਹਨ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਸ਼ੰਸਾ ਪੱਤਰ ਭੇਜੇ ਜਾਣਗੇ।
ਐਸਐਸਪੀ ਗੁਰਮੀਤ ਸਿੰਘ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਨਾ ਕੇਵਲ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ ਸਗੋਂ ਕਿਸਾਨ ਦੇ ਜਮੀਨ ਦੇ ਪੋਸ਼ਕ ਤੱਤ ਵੀ ਨਸ਼ਟ ਹੋ ਜਾਂਦੇ ਹਨ । ਉਹਨਾਂ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਪਰਾਲੀ ਸਾੜੀ ਤਾਂ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ ।
ਬੈਠਕ ਵਿੱਚ ਐਸਡੀਐਮ ਕ੍ਰਿਸ਼ਨਾ ਪਾਲ ਰਾਜਪੂਤ, ਵੀਰ ਪਾਲ ਕੌਰ, ਕੰਵਰਜੀਤ ਸਿੰਘ ਮਾਨ, ਡੀਐਸਪੀ ਲਵਦੀਪ ਸਿੰਘ ਗਿੱਲ, ਸੁਖਵਿੰਦਰ ਸਿੰਘ ਬਰਾੜ, ਜਤਿੰਦਰ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ ਰਾਜਿੰਦਰ ਕੰਬੋਜ ਵੀ ਹਾਜ਼ਰ ਸਨ।