ਸ੍ਰੀ ਅਨੰਦਪੁਰ ਸਾਹਿਬ 08 ਜੁਲਾਈ 2026 AJ DI Awaaj
Punjab Desk : ਡਾ.ਰਮਨ ਕੁਮਾਰ ਗੁਪਤਾ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ.ਹਰਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਹੇਠ ਮਮਤਾ ਦਿਵਸ ਮੌਕੇ ਨਵਜਨਮੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਮੌਕੇ ਬੱਚਿਆਂ ਦਾ ਉਮਰ ਅਨੁਸਾਰ ਟੀਕਾਕਰਨ ਕੀਤਾ ਗਿਆ ਅਤੇ ਮਾਵਾਂ ਨੂੰ ਬੱਚਿਆਂ ਦੀ ਸਹੀ ਦੇਖਭਾਲ, ਪੋਸ਼ਣ ਅਤੇ ਸਿਹਤ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਹੈਲਥ ਸੁਪਰਵਾਈਜ਼ਰ ਸੀਮਾ ਦੇਵੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਬੁੱਧਵਾਰ ਨੂੰ ਮਮਤਾ ਦਿਵਸ ਮਨਾਇਆ ਜਾਂਦਾ ਹੈ, ਜਿਸ ਦੌਰਾਨ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਮੁਫ਼ਤ ਟੀਕਾਕਰਨ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਬੱਚੇ ਦੇ ਜਨਮ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਲੱਗਣ ਵਾਲੇ ਸਾਰੇ ਲਾਜ਼ਮੀ ਟੀਕੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫ਼ਤ ਉਪਲੱਬਧ ਹਨ, ਜੋ ਬੱਚਿਆਂ ਨੂੰ ਕਈ ਘਾਤਕ ਅਤੇ ਛੂਤ ਦੀਆਂ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ।
ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਸਮੇਂ ਸਿਰ ਪੂਰਾ ਟੀਕਾਕਰਨ ਜ਼ਰੂਰ ਕਰਵਾਉਣ ਅਤੇ ਇਸ ਸਬੰਧੀ ਕਿਸੇ ਵੀ ਜਾਣਕਾਰੀ ਲਈ ਆਪਣੇ ਇਲਾਕੇ ਦੀ ਆਸ਼ਾ ਵਰਕਰ ਜਾਂ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨ। ਇਸ ਤੋਂ ਇਲਾਵਾ, ਗਰਭਵਤੀ ਮਹਿਲਾਵਾਂ ਦਾ ਵੀ ਲੋੜੀਂਦਾ ਟੀਕਾਕਰਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਸਿਹਤ ਸੰਭਾਲ, ਸੰਤੁਲਿਤ ਖੁਰਾਕ ਅਤੇ ਨਵਜਨਮੇ ਬੱਚੇ ਦੀ ਦੇਖਭਾਲ ਬਾਰੇ ਸਿਹਤ ਸਿੱਖਿਆ ਦਿੱਤੀ ਗਈ।
ਮਮਤਾ ਦਿਵਸ ਦੌਰਾਨ ਮਿੰਨੀ ਏ.ਐਨ.ਐਮ. ਕੁਲਵਿੰਦਰ ਕੌਰ, ਏ.ਐਨ.ਐਮ. ਬਰਿੰਦਰ ਕੁਮਾਰ, ਹੈਲਥ ਵਰਕਰ ਅਤੇ ਇਲਾਕੇ ਦੀਆਂ ਸਮੂਹ ਆਸ਼ਾ ਵਰਕਰਾਂ ਨੇ ਸਰਗਰਮ ਭੂਮਿਕਾ ਨਿਭਾਈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਜਾਗਰੂਕਤਾ ਅਤੇ ਟੀਕਾਕਰਨ ਕੈਂਪ ਲੋਕਾਂ ਨੂੰ ਸਿਹਤ ਸੇਵਾਵਾਂ ਨਾਲ ਜੋੜਨ ਅਤੇ ਬੱਚਿਆਂ ਦੀ ਬਿਹਤਰ ਸਿਹਤ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਵਿਭਾਗ ਨੇ ਲੋਕਾਂ ਨੂੰ ਸਰਕਾਰੀ ਟੀਕਾਕਰਨ ਪ੍ਰੋਗਰਾਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਬੱਚਿਆਂ ਦੇ ਸਿਹਤਮੰਦ ਭਵਿੱਖ ਲਈ ਸਮੇਂ ਸਿਰ ਸਾਰੇ ਟੀਕੇ ਲਗਵਾਉਣ ਦੀ ਅਪੀਲ ਕੀਤੀ।














