ਮੋਹਾਲੀ ‘ਚ ਪੰਜਾਬ ਹਾਕੀ ਲੀਗ ਦੇ ਤੀਜੇ ਸੀਜ਼ਨ ਦਾ ਆਗਾਜ਼ ਅੱਜ

3
ਮੋਹਾਲੀ: 19 Nov 2026 AJ DI Awaaj
Punjab Desk  :    ਪੰਜਾਬ ਹਾਕੀ ਲੀਗ ਦੇ ਤੀਜੇ ਸੀਜ਼ਨ ਦਾ ਆਗਾਜ਼ ਅੱਜ ਮੋਹਾਲੀ ਵਿਖੇ ਹੋਣ ਜਾ ਰਿਹਾ ਹੈ। ਇਸ ਵਾਰ ਲੀਗ ਨੂੰ ਹੋਰ ਰੋਮਾਂਚਕ ਬਣਾਉਣ ਲਈ ਭਾਰਤੀ ਹਾਕੀ ਦੇ ਓਲੰਪੀਅਨ ਖਿਡਾਰੀਆਂ ਮਨਪ੍ਰੀਤ ਸਿੰਘ, ਹਾਰਦਿਕ ਸਿੰਘ ਅਤੇ ਦਿਲਪ੍ਰੀਤ ਸਿੰਘ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਟੂਰਨਾਮੈਂਟ ਵਿੱਚ ਦੇਸ਼ ਦੀਆਂ 10 ਪ੍ਰਮੁੱਖ ਹਾਕੀ ਅਕੈਡਮੀਆਂ ਦੀਆਂ ਟੀਮਾਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੀਆਂ।

ਪਹਿਲੇ ਸੀਜ਼ਨ ਵਿੱਚ 6 ਅਤੇ ਦੂਜੇ ਸੀਜ਼ਨ ਵਿੱਚ 8 ਟੀਮਾਂ ਨੇ ਹਿੱਸਾ ਲਿਆ ਸੀ, ਜਦਕਿ ਇਸ ਵਾਰ ਟੀਮਾਂ ਦੀ ਗਿਣਤੀ ਵਧਾ ਕੇ 10 ਕਰ ਦਿੱਤੀ ਗਈ ਹੈ। ਮੁਕਾਬਲੇ ਲੀਗ-ਕਮ-ਨਾਕਆਊਟ ਫਾਰਮੈਟ ਵਿੱਚ ਕਰਵਾਏ ਜਾਣਗੇ। ਭਾਗ ਲੈਣ ਵਾਲੀਆਂ ਟੀਮਾਂ ਵਿੱਚ ਮੇਜ਼ਬਾਨ ਰਾਊਂਡਗਲਾਸ ਹਾਕੀ ਅਕੈਡਮੀ, ਸੁਰਜੀਤ ਹਾਕੀ ਅਕੈਡਮੀ ਜਲੰਧਰ, ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ, ਓਡੀਸ਼ਾ ਨੇਵਲ ਟਾਟਾ ਹਾਕੀ ਹਾਈ-ਪਰਫਾਰਮੈਂਸ ਸੈਂਟਰ, ਘੁੰਮਣਹੇੜਾ ਰਾਈਜ਼ਰਜ਼ ਅਕੈਡਮੀ ਨਵੀਂ ਦਿੱਲੀ, ਮੇਜਰ ਧਿਆਨਚੰਦ ਸਪੋਰਟਸ ਕਾਲਜ ਸੈਫਈ, ਸਰਕਾਰੀ ਹਾਕੀ ਅਕੈਡਮੀ ਸੋਨੀਪਤ, ਸਪੋਰਟਸ ਡਿਵੈਲਪਮੈਂਟ ਅਥਾਰਟੀ ਆਫ਼ ਤਾਮਿਲਨਾਡੂ, ਨਾਮਧਾਰੀ ਇਲੈਵਨ ਅਤੇ ਰਿਪਬਲਿਕਨ ਸਪੋਰਟਸ ਕਲੱਬ ਮੁੰਬਈ ਸ਼ਾਮਲ ਹਨ।

3 ਦਸੰਬਰ ਤੱਕ ਚੱਲੇਗਾ ਲੀਗ ਪੜਾਅ

ਟੂਰਨਾਮੈਂਟ ਦੇ ਲੀਗ ਪੜਾਅ ਦੌਰਾਨ ਹਰ ਰੋਜ਼ ਤਿੰਨ ਮੈਚ ਖੇਡੇ ਜਾਣਗੇ ਅਤੇ ਇਹ ਪੜਾਅ 3 ਦਸੰਬਰ ਤੱਕ ਜਾਰੀ ਰਹੇਗਾ। ਪਹਿਲੇ ਦਿਨ ਘੁੰਮਣਹੇੜਾ ਰਾਈਜ਼ਰਜ਼ ਹਾਕੀ ਅਕੈਡਮੀ ਦਾ ਮੁਕਾਬਲਾ ਤਾਮਿਲਨਾਡੂ ਦੀ ਟੀਮ ਨਾਲ ਹੋਵੇਗਾ। ਦੂਜੇ ਮੈਚ ਵਿੱਚ ਜਮਸ਼ੇਦਪੁਰ ਦੀ ਟੀਮ ਸੁਰਜੀਤ ਹਾਕੀ ਅਕੈਡਮੀ ਨਾਲ ਭਿੜੇਗੀ। ਉਦਘਾਟਨੀ ਸਮਾਰੋਹ ਤੋਂ ਬਾਅਦ ਦਿਨ ਦੇ ਆਖ਼ਰੀ ਮੁਕਾਬਲੇ ਵਿੱਚ ਮੇਜ਼ਬਾਨ ਰਾਊਂਡਗਲਾਸ ਹਾਕੀ ਅਕੈਡਮੀ ਦਾ ਸਾਹਮਣਾ ਮੁੰਬਈ ਦੇ ਰਿਪਬਲਿਕਨ ਸਪੋਰਟਸ ਕਲੱਬ ਨਾਲ ਹੋਵੇਗਾ।

ਲੀਗ ਪੜਾਅ ਤੋਂ ਬਾਅਦ ਨਾਕਆਊਟ ਮੁਕਾਬਲੇ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਏ ਜਾਣਗੇ। ਇੱਥੇ 5 ਦਸੰਬਰ ਨੂੰ ਸੈਮੀਫਾਈਨਲ ਅਤੇ 6 ਦਸੰਬਰ ਨੂੰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।

ਇਨਾਮੀ ਰਾਸ਼ੀ ਵਿੱਚ 10 ਫ਼ੀਸਦੀ ਵਾਧਾ

ਨੌਜਵਾਨ ਹਾਕੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਸ ਸੀਜ਼ਨ ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ ਵਿੱਚ 10 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੂਜੇ ਸੀਜ਼ਨ ਦੌਰਾਨ ਭਾਗ ਲੈਣ ਵਾਲੀਆਂ ਟੀਮਾਂ ਵਿੱਚ ਕੁੱਲ 30 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ ਸੀ।

ਸੀਜ਼ਨ ਦੀ ਸ਼ੁਰੂਆਤ ਮੌਕੇ ਰਾਊਂਡਗਲਾਸ ਹਾਕੀ ਅਕੈਡਮੀ ਦੇ ਟੈਕਨੀਕਲ ਲੀਡ ਅਤੇ ਦ੍ਰੋਣਾਚਾਰੀਆ ਐਵਾਰਡੀ ਰਾਜਿੰਦਰ ਸਿੰਘ ਸੀਨੀਅਰ ਨੇ ਕਿਹਾ ਕਿ ਇਨਾਮੀ ਰਾਸ਼ੀ ਵਿੱਚ ਵਾਧਾ ਅਤੇ ਹਰ ਮੈਚ ਵਿੱਚ ਸ਼ਾਨਦਾਰ ਵਿਅਕਤੀਗਤ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੀ ਵਿਵਸਥਾ ਨੌਜਵਾਨਾਂ ਵਿੱਚ ਮੁਕਾਬਲੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਮਨਪ੍ਰੀਤ, ਹਾਰਦਿਕ ਅਤੇ ਦਿਲਪ੍ਰੀਤ ਵਰਗੇ ਕੌਮੀ ਪੱਧਰ ਦੇ ਖਿਡਾਰੀਆਂ ਦਾ ਬ੍ਰਾਂਡ ਅੰਬੈਸਡਰ ਬਣਨਾ ਨੌਜਵਾਨ ਹਾਕੀ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰਪ੍ਰੀਤ ਸੰਨੀ ਸਿੰਘ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ।

ਮਨਪ੍ਰੀਤ ਸਿੰਘ ਨੇ ਨੌਜਵਾਨ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤ

ਇਸ ਮੌਕੇ ਓਲੰਪੀਅਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਹਾਕੀ ਲੀਗ ਉੱਭਰਦੇ ਖਿਡਾਰੀਆਂ ਲਈ ਦੇਸ਼ ਦੀਆਂ ਨਾਮਵਰ ਅਕੈਡਮੀਆਂ ਨਾਲ ਮੁਕਾਬਲਾ ਕਰਨ ਅਤੇ ਆਪਣੀ ਪ੍ਰਤਿਭਾ ਸਾਬਤ ਕਰਨ ਦਾ ਵਧੀਆ ਮੰਚ ਹੈ। ਉਨ੍ਹਾਂ ਕਿਹਾ ਕਿ ਕਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਨਿਯਮਤ ਮੈਚ ਖੇਡਣ ਅਤੇ ਯੋਜਨਾਬੱਧ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਨਾਲ ਖਿਡਾਰੀਆਂ ਦੇ ਹੁਨਰ ਅਤੇ ਤਜਰਬੇ ਵਿੱਚ ਵਾਧਾ ਹੁੰਦਾ ਹੈ।

ਉਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਪੂਰਾ ਲਾਭ ਉਠਾਉਣ, ਹਰ ਮੈਚ ਤੋਂ ਨਵੀਆਂ ਗੱਲਾਂ ਸਿੱਖਣ ਅਤੇ ਆਪਣੇ ਪ੍ਰਦਰਸ਼ਨ ਵਿੱਚ ਲਗਾਤਾਰ ਸੁਧਾਰ ਕਰਨ। ਉਨ੍ਹਾਂ ਉਮੀਦ ਜਤਾਈ ਕਿ ਅਜਿਹੇ ਟੂਰਨਾਮੈਂਟ ਭਵਿੱਖ ਵਿੱਚ ਭਾਰਤੀ ਹਾਕੀ ਨੂੰ ਨਵੀਂ ਪ੍ਰਤਿਭਾ ਦੇਣ ਅਤੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।