TIME100 Next India List ‘ਚ ਸ਼ਾਮਲ ਹੋਏ ਦਿਲਜੀਤ ਦੋਸਾਂਝ

3
International 11 Nov 2026 AJ DI Awaaj

International Desk :  ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦੁਨੀਆ ਭਰ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲੇ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਇੱਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਕਰ ਲਈ ਹੈ। ਉਨ੍ਹਾਂ ਨੂੰ ਅੰਤਰਰਾਸ਼ਟਰੀ ਮੈਗਜ਼ੀਨ ‘TIME’ ਦੀ ਪਹਿਲੀ ‘TIME100 Next India’ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਹ ਸੂਚੀ ਉਨ੍ਹਾਂ ਉੱਭਰਦੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੀ ਹੈ, ਜੋ ਆਪਣੇ-ਆਪਣੇ ਖੇਤਰਾਂ ਵਿੱਚ ਨਵੇਂ ਬਦਲਾਅ ਲਿਆ ਰਹੀਆਂ ਹਨ ਅਤੇ ਭਾਰਤ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਦਿਲਜੀਤ ਦੀ ਇਸ ਪ੍ਰਾਪਤੀ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਖ਼ੁਸ਼ੀ ਦੀ ਲਹਿਰ ਹੈ।

ਆਲੀਆ ਭੱਟ ਅਤੇ ਆਰੀਅਨ ਖਾਨ ਸਮੇਤ ਕਈ ਵੱਡੀਆਂ ਹਸਤੀਆਂ ਨੂੰ ਮਿਲੀ ਜਗ੍ਹਾ

ਇਸ ਖ਼ਾਸ ਸੂਚੀ ਵਿੱਚ ਦਿਲਜੀਤ ਦੋਸਾਂਝ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਆਲੀਆ ਭੱਟ, ਸ਼ਾਹਰੁਖ ਖਾਨ ਦੇ ਪੁੱਤਰ ਅਤੇ ਫ਼ਿਲਮ ਨਿਰਦੇਸ਼ਕ ਆਰੀਅਨ ਖਾਨ, ਫ਼ਿਲਮ ਨਿਰਮਾਤਾ ਪਾਇਲ ਕਪਾਡੀਆ ਅਤੇ ਥੇਜਾ ਰੀਓ ਵਰਗੀਆਂ ਸ਼ਖ਼ਸੀਅਤਾਂ ਦੇ ਨਾਮ ਵੀ ਸ਼ਾਮਲ ਹਨ।

ਸੰਗੀਤ ਜਗਤ ਵਿੱਚੋਂ ਦਿਲਜੀਤ ਦੇ ਨਾਲ ਅਨਿਰੁੱਧ ਰਵੀਚੰਦਰ, ਅਰਿਵੂ, ਫਹੀਮ ਅਬਦੁੱਲਾ, ਈਸ਼ਾਨ ਘੋਸ਼, ਜਸਲੀਨ ਰਾਇਲ ਅਤੇ ਪ੍ਰਤੀਕ ਕੁਹਾੜ ਨੂੰ ਵੀ ਇਸ ਸੂਚੀ ਵਿੱਚ ਥਾਂ ਮਿਲੀ ਹੈ।

ਇਸ ਤੋਂ ਇਲਾਵਾ ਮਨੋਰੰਜਨ ਜਗਤ ਦੀਆਂ ਕਈ ਪ੍ਰਸਿੱਧ ਹਸਤੀਆਂ ਜਿਵੇਂ ਜਿਤੇਂਦਰ ਕੁਮਾਰ, ਸਮੰਥਾ ਰੂਥ ਪ੍ਰਭੂ, ਅਲੀ ਫਜ਼ਲ, ਸਾਈ ਪੱਲਵੀ, ਈਸ਼ਾਨ ਖੱਟਰ, ਨਯਨਤਾਰਾ, ਵਿੱਕੀ ਕੌਸ਼ਲ ਅਤੇ ਵੇਦਾਂਗ ਰੈਨਾ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।

12 ਦਸੰਬਰ ਨੂੰ ਹੋਵੇਗਾ ਖ਼ਾਸ ਸਮਾਗਮ

‘ TIME100 Next India’ ਸੂਚੀ ਦੀ ਸ਼ੁਰੂਆਤ ਦੇ ਮੌਕੇ ‘ਤੇ 12 ਦਸੰਬਰ ਨੂੰ ਮੁੰਬਈ ਵਿੱਚ ‘TIME100 Next India Gala’ ਦਾ ਆਯੋਜਨ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਦਿਲਜੀਤ ਦੋਸਾਂਝ ਦੀ ਇਹ ਪ੍ਰਾਪਤੀ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਦੀ ਵਿਸ਼ਵ ਪੱਧਰ ‘ਤੇ ਵਧ ਰਹੀ ਪਛਾਣ ਦਾ ਸਬੂਤ ਹੈ। ਉਨ੍ਹਾਂ ਨੇ ਆਪਣੀ ਮਿਹਨਤ ਅਤੇ ਕਲਾ ਦੇ ਦਮ ‘ਤੇ ਪੰਜਾਬੀ ਸੰਗੀਤ ਨੂੰ ਅੰਤਰਰਾਸ਼ਟਰੀ ਮੰਚਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਦੀ ਇਹ ਕਾਮਯਾਬੀ ਨੌਜਵਾਨ ਪੰਜਾਬੀ ਕਲਾਕਾਰਾਂ ਲਈ ਵੀ ਪ੍ਰੇਰਣਾ ਬਣੇਗੀ।