ਸਿਡਨੀ 15 Dec 2025 AJ DI Awaaj
International Desk : ਸਿਡਨੀ ਦੇ ਬੌਂਡੀ ਬੀਚ ‘ਤੇ ਐਤਵਾਰ ਨੂੰ ਯਹੂਦੀ ਤਿਉਹਾਰ ਹਨੁੱਕਾ ਦੇ ਜਸ਼ਨਾਂ ਦੌਰਾਨ ਗੋ*ਲੀਬਾਰੀ ਦੀ ਭਿਆਨਕ ਘਟਨਾ ਵਾਪਰੀ, ਜਿਸ ਵਿੱਚ ਹੁਣ ਤੱਕ 16 ਲੋਕਾਂ ਦੀ ਮੌ*ਤ ਹੋ ਚੁੱਕੀ ਹੈ। ਮ੍ਰਿ*ਤਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ, ਜਦਕਿ ਕਰੀਬ 45 ਲੋਕ ਜ਼ਖ਼ਮੀ ਹੋਏ ਹਨ।
ਨਿਊ ਸਾਊਥ ਵੇਲਜ਼ ਪੁਲਿਸ ਮੁਤਾਬਕ, ਦੋ ਹਮਲਾਵਰਾਂ ਨੇ ਭੀੜ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਪੁਲਿਸ ਵੱਲੋਂ ਕੀਤੀ ਕਾਰਵਾਈ ਦੌਰਾਨ ਇੱਕ ਹਮਲਾਵਰ ਨੂੰ ਮੌਕੇ ‘ਤੇ ਹੀ ਮਾ*ਰ ਦਿੱਤਾ ਗਿਆ, ਜਦਕਿ ਦੂਜਾ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਵੇਂ ਸ਼ੱਕੀ ਪਿਤਾ ਅਤੇ ਪੁੱਤਰ ਸਨ—50 ਸਾਲਾ ਪਿਤਾ ਦੀ ਮੌ*ਤ ਹੋ ਗਈ ਹੈ, ਜਦਕਿ 24 ਸਾਲਾ ਪੁੱਤਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਨੇ ਘਟਨਾ ਸਥਲ ਦੇ ਨੇੜੇ ਖੜੇ ਇੱਕ ਵਾਹਨ ਵਿੱਚੋਂ ਵਿਸਫੋਟਕ ਯੰਤਰ ਵੀ ਬਰਾਮਦ ਕਰਕੇ ਸੁਰੱਖਿਅਤ ਤਰੀਕੇ ਨਾਲ ਹਟਾ ਦਿੱਤੇ ਹਨ। ਅਧਿਕਾਰੀਆਂ ਅਨੁਸਾਰ, ਮਾਰੇ ਗਏ ਹਮਲਾਵਰ ਕੋਲ ਕਾਨੂੰਨੀ ਤੌਰ ‘ਤੇ ਲਾਇਸੈਂਸ ਪ੍ਰਾਪਤ ਹਥਿ*ਆਰ ਸਨ ਅਤੇ ਉਹ ਇੱਕ ਗਨ ਕਲੱਬ ਦਾ ਮੈਂਬਰ ਸੀ। ਉਸ ਕੋਲ ਕੁੱਲ ਛੇ ਬੰਦੂਕਾਂ ਦਰਜ ਸਨ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲੇ ਤੋਂ ਪਹਿਲਾਂ ਪਿਓ-ਪੁੱਤ ਨੇ ਪਰਿਵਾਰ ਨੂੰ ਕਿਹਾ ਸੀ ਕਿ ਉਹ ਮੱਛੀ ਫੜਨ ਜਾ ਰਹੇ ਹਨ। ਘਟਨਾ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਕਿਰਾਏ ਦੇ ਘਰ ‘ਤੇ ਛਾਪਾ ਮਾਰ ਕੇ ਤਲਾਸ਼ੀ ਲਈ। ਰਿਪੋਰਟਾਂ ਮੁਤਾਬਕ, ਮ੍ਰਿ*ਤਕ ਹਮਲਾਵਰ ਫਲਾਂ ਦੀ ਦੁਕਾਨ ਚਲਾਉਂਦਾ ਸੀ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਘਟਨਾ ਨੂੰ ਅੱਤ*ਵਾਦੀ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਯਹੂਦੀ ਭਾਈਚਾਰੇ ਵਿਰੁੱਧ ਨਫ਼ਰਤ ਨੂੰ ਜੜ੍ਹੋਂ ਮੁਕਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਮਾਜ ਲਈ ਗਹਿਰਾ ਝਟਕਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਹਮਲੇ ਦੀ ਕੜੀ ਨਿੰਦਾ ਕੀਤੀ ਹੈ, ਜਦਕਿ ਐਫਬੀਆਈ ਵੱਲੋਂ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਜਾਂਚ ਵਿੱਚ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਹੈ।
ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰੀ ਰਿਆਨ ਪਾਰਕ ਨੇ ਦੱਸਿਆ ਕਿ ਮ*ਰਨ ਵਾਲਿਆਂ ਦੀ ਗਿਣਤੀ 12 ਤੋਂ ਵਧ ਕੇ 16 ਹੋ ਗਈ ਹੈ, ਜਿਸ ਵਿੱਚ ਇੱਕ 12 ਸਾਲਾ ਬੱਚਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਤਿੰਨ ਹੋਰ ਬੱਚਿਆਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ। ਉਨ੍ਹਾਂ ਇਸ ਘਟਨਾ ਨੂੰ ਪੂਰੇ ਭਾਈਚਾਰੇ, ਖਾਸ ਕਰਕੇ ਯਹੂਦੀ ਸਮੁਦਾਇ ਲਈ ਬਹੁਤ ਦੁਖਦਾਈ ਦੱਸਿਆ।














