ਤਰਨ ਤਾਰਨ, 28 ਜੁਲਾਈ 2026 AJ DI Awaaj
Punjab Desk : ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਤਰਨ ਤਾਰਨ ਸੰਜੀਵ ਕੁਮਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਬਲਾਕ ਚੋਹਲਾ ਸਾਹਿਬ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਬਲਾਕ ਚੋਹਲਾ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਅਤੇ ਪਲਾਸਟਿਕ ਕੂੜਾ ਪ੍ਰਬੰਧਨ ਸਬੰਧੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ।
ਇਸ ਮੁਹਿੰਮ ਦੌਰਾਨ ਸਰਪੰਚਾਂ, ਗ੍ਰਾਮ ਪੰਚਾਇਤਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ, ਸਕੂਲੀ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਸਫ਼ਾਈ ਅਤੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਸੈਮੀਨਾਰਾਂ, ਜਾਗਰੂਕਤਾ ਕੈਂਪਾਂ ਅਤੇ ਰੈਲੀਆਂ ਦਾ ਆਯੋਜਨ ਕਰਕੇ ਲੋਕਾਂ ਨੂੰ ਕੂੜੇ ਦੀ ਸਹੀ ਛਾਂਟ, ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਅਤੇ ਸਾਫ਼-ਸੁਥਰੇ ਵਾਤਾਵਰਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
ਸ਼੍ਰੀ ਗੁਰਪ੍ਰੀਤ ਸਿੰਘ ਨੇ ਸਮੂਹ ਪਿੰਡ ਵਾਸੀਆਂ ਨੂੰ ਨਿੱਜੀ ਸਫ਼ਾਈ, ਆਲੇ-ਦੁਆਲੇ ਦੀ ਸਫ਼ਾਈ ਬਣਾਈ ਰੱਖਣ, ਪਾਣੀ ਦੀ ਦੁਰਵਰਤੋਂ ਨੂੰ ਰੋਕਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ਜਲ ਸ਼ਕਤੀ ਅਭਿਆਨ – “ਕੈਚ ਦ ਰੇਨ” ਮੁਹਿੰਮ ਤਹਿਤ ਲੋਕਾਂ ਨੂੰ ਮੀਂਹ ਦੇ ਪਾਣੀ ਦੀ ਸੰਭਾਲ, ਵਰਖਾ ਜਲ ਸੰਭਾਲ ਪ੍ਰਣਾਲੀਆਂ ਅਪਣਾਉਣ ਅਤੇ ਪਾਣੀ ਦੀ ਯੋਗ ਅਤੇ ਸੁਚੱਜੀ ਵਰਤੋਂ ਲਈ ਪ੍ਰੇਰਿਤ ਕੀਤਾ ਗਿਆ, ਤਾਂ ਜੋ ਭਵਿੱਖ ਲਈ ਜਲ ਸਰੋਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।



















