ਬਰਨਾਲਾ, 28 ਜੁਲਾਈ 2026 AJ DI Awaaj
Punjab Desk : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਿੰਦਰਪਾਲ ਕੌਰ ਧਾਰੀਵਾਲ ਅਤੇ ਜ਼ਿਲ੍ਹਾ ਬਾਲ ਸਰੁੱਖਿਆ ਅਫਸਰ ਗੁਰਜੀਤ ਕੌਰ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਸਕੂਲ ਫਾਰ ਡਿਫ਼ਰੈਟਲੀ ਏਬਲਡ ਚਿਲਡਰਨ ਬਰਨਾਲਾ ਵਿੱਚ ਵਿਦਿਆਰਥੀਆਂ ਲਈ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਇਨ੍ਹਾਂ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੋਕਸੋ ਐਕਟ ਅਤੇ ਬੱਚਿਆਂ ਦੇ ਅਧਿਕਾਰਾਂ ਸਬੰਧੀ ਪੂਰੀ ਜਾਣਕਾਰੀ ਪ੍ਰਦਾਨ ਕਰਨਾ ਅਤੇ ਉਨ੍ਹਾਂ ਵਿੱਚ ਆਪਣੀ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਨੂੰ ਬੱਚਿਆਂ ਨਾਲ ਸੰਬੰਧਿਤ ਲਿੰਗ ਅਪਰਾਧਾਂ ਤੋਂ ਸੁਰੱਖਿਆ ਲਈ ਬਣੇ ਕਾਨੂੰਨਾ ਬਾਰੇ ਸੌਖੀ ਭਾਸ਼ਾ ਵਿੱਚ ਸਮਝਾਇਆ ਗਿਆ ਅਤੇ ਚੰਗੀ ਤੇ ਮਾੜੀ ਛੂਹ ਦੀ ਪਹਿਚਾਣ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਸੇ ਵੀ ਅਣਚਾਹੀ, ਡਰਾਉਣੀ ਜਾਂ ਸ਼ੱਕੀ ਘਟਨਾ ਦੀ ਸਥਿਤੀ ਵਿੱਚ ਚੁੱਪ ਨਾ ਰਹਿ ਕੇ ਤੁਰੰਤ ਆਪਣੇ ਮਾਤਾ-ਪਿਤਾ, ਅਧਿਆਪਕ ਜਾਂ ਕਿਸੇ ਭਰੋਸੇਯੋਗ ਵੱਡੇ ਵਿਅਕਤੀ ਨੂੰ ਸੂਚਿਤ ਕਰਨਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਚਾਈਲਡ ਹੈਲਪਲਾਈਨ ਨੰਬਰ 1098 ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਜ਼ਰੂਰਤ ਪੈਣ ’ਤੇ ਇਸ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਦੇ ਮੁੱਢਲੇ ਅਧਿਕਾਰਾਂ ਜਿਵੇਂ ਸੁਰੱਖਿਆ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ, ਸਨਮਾਨ ਨਾਲ ਜੀਵਨ ਜੀਊਣ ਦਾ ਅਧਿਕਾਰ ਅਤੇ ਸ਼ੋਸ਼ਣ ਤੋਂ ਬਚਾਅ ਦੇ ਅਧਿਕਾਰ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਅੱਜ ਦੇ ਡਿਜੀਟਲ ਯੁੱਗ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ, ਅਣਜਾਣ ਵਿਅਕਤੀਆਂ ਨਾਲ ਜਾਣਕਾਰੀ ਸਾਂਝੀ ਨਾ ਕਰਨ ਅਤੇ ਆਨਲਾਈਨ ਖਤਰਿਆਂ ਤੋਂ ਸਚੇਤ ਰਹਿਣ ਬਾਰੇ ਵੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਦੱਸਿਆ ਗਿਆ ਕਿ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਸਕੂਲ ਪੱਧਰ ’ਤੇ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਬੱਚੇ ਆਪਣੇ ਅਧਿਕਾਰਾਂ ਬਾਰੇ ਸਚੇਤ ਹੋਣ ਅਤੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਜਾਂ ਅਪਰਾਧ ਤੋਂ ਆਪਣੇ ਆਪ ਨੂੰ ਬਚਾ ਸਕਣ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਲਗਾਤਾਰ ਜਾਰੀ ਰੱਖੇ ਜਾਣਗੇ, ਤਾਂ ਜੋ ਬੱਚਿਆਂ ਲਈ ਸੁਰੱਖਿਅਤ, ਸਿਹਤਮੰਦ ਅਤੇ ਸਹਾਇਕ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ। ਪ੍ਰੋਗਰਾਮ ਵਿੱਚ ਸਕੂਲ ਪ੍ਰਬੰਧਕ ,ਅਧਿਆਪਕ ਤੇ ਜ਼ਿਲ੍ਹਾ ਬਾਲ ਸਰੁੱਖਿਆ ਦਫਤਰ ਵਲੋਂ ਬਲਵਿੰਦਰ ਸਿੰਘ ਧਲੇਵਾਂ, ਗੁਰਸੇਵਕ ਸਿੰਘ, ਗੁਰਦੀਪ ਸਿੰਘ ਅਤੇ ਤਰਨਜੋਤ ਸਿੰਘ ਵੱਲੋਂ ਵੀ ਸਰਗਰਮ ਭਾਗੀਦਾਰੀ ਨਿਭਾਈ ਗਈ ਅਤੇ ਬੱਚਿਆਂ ਨੂੰ ਸੁਰੱਖਿਅਤ ਰਹਿਣ ਸੰਬੰਧੀ ਜ਼ਰੂਰੀ ਸਲਾਹਾਂ ਦਿੱਤੀਆਂ ਗਈਆਂ।



















