ਪੰਜਾਬ ਬੰਦ ਅੱਜ: ਹਾਈਵੇਅ ਤੇ ਰੇਲ ਆਵਾਜਾਈ ਰਹੇਗੀ ਪ੍ਰਭਾਵਿਤ

13

ਚੰਡੀਗੜ੍ਹ, 21 ਅਗਸਤ 2026 AJ DI Awaaj

Chandigarh Desk : ਕੌਮੀ ਇੰਸਾਫ਼ ਮੋਰਚੇ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਬੰਦ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹੇਗਾ। ਮੋਰਚੇ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਸਮੇਤ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਅਤੇ 15 ਅਗਸਤ ਨੂੰ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਹੋਈ ਪੁਲਸ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਕੀ-ਕੀ ਰਹੇਗਾ ਬੰਦ?

ਬੰਦ ਦੌਰਾਨ ਮੁੱਖ ਬਾਜ਼ਾਰਾਂ, ਦੁਕਾਨਾਂ, ਸ਼ਾਪਿੰਗ ਮਾਲਾਂ, ਥੋਕ ਮੰਡੀਆਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਸ਼ਟਰੀ ਅਤੇ ਰਾਜਮਾਰਗਾਂ ਸਮੇਤ ਕੁਝ ਜ਼ਿਲ੍ਹਾ ਮਾਰਗਾਂ ’ਤੇ ਆਵਾਜਾਈ ਰੋਕਣ ਦਾ ਐਲਾਨ ਕੀਤਾ ਗਿਆ ਹੈ।

ਹਾਈਵੇਅ ਪ੍ਰਭਾਵਿਤ ਹੋਣ ਕਾਰਨ ਸਰਕਾਰੀ ਅਤੇ ਨਿੱਜੀ ਬੱਸਾਂ, ਆਟੋ ਅਤੇ ਟੈਕਸੀ ਸੇਵਾਵਾਂ ’ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ। ਮੋਰਚੇ ਵੱਲੋਂ ਰੇਲਵੇ ਟਰੈਕ ਜਾਮ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਰੇਲ ਯਾਤਰੀਆਂ ਨੂੰ ਵੀ ਮੁਸ਼ਕਲਾਂ ਆ ਸਕਦੀਆਂ ਹਨ।

ਚੰਡੀਗੜ੍ਹ-ਮੋਹਾਲੀ ਦੇ ਕੁਝ ਸਕੂਲ ਪਹਿਲਾਂ ਹੀ ਬੰਦ ਰੱਖਣ ਦਾ ਫੈਸਲਾ ਕਰ ਚੁੱਕੇ ਹਨ, ਜਦਕਿ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਵੀ ਛੁੱਟੀ ਦੀ ਅਪੀਲ ਕੀਤੀ ਗਈ ਹੈ। ਐੱਸਜੀਪੀਸੀ ਦੇ ਦਫ਼ਤਰਾਂ ਅਤੇ ਇਸ ਦੇ ਅਧੀਨ ਚੱਲ ਰਹੇ ਸਿੱਖਿਆ ਅਦਾਰਿਆਂ ਨੂੰ ਵੀ ਬੰਦ ਰੱਖਣ ਦੀ ਜਾਣਕਾਰੀ ਹੈ।

ਇਨ੍ਹਾਂ ਸੇਵਾਵਾਂ ’ਤੇ ਸਰਕਾਰੀ ਤੌਰ ’ਤੇ ਪੂਰੀ ਪਾਬੰਦੀ ਨਹੀਂ

ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਜਾਂ ਬੈਂਕਾਂ ਨੂੰ ਬੰਦ ਰੱਖਣ ਦਾ ਕੋਈ ਵਿਆਪਕ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦੇ ਬਾਵਜੂਦ ਪ੍ਰਦਰਸ਼ਨ ਅਤੇ ਸੜਕਾਂ ’ਤੇ ਜਾਮ ਕਾਰਨ ਇਨ੍ਹਾਂ ਤੱਕ ਪਹੁੰਚ ਪ੍ਰਭਾਵਿਤ ਹੋ ਸਕਦੀ ਹੈ।

ਇਸੇ ਤਰ੍ਹਾਂ ਸਰਕਾਰੀ ਅਤੇ ਨਿੱਜੀ ਬੱਸਾਂ ਨੂੰ ਬੰਦ ਕਰਨ ਦਾ ਸਰਕਾਰੀ ਹੁਕਮ ਨਹੀਂ ਹੈ, ਪਰ ਹਾਈਵੇਅ ਅਤੇ ਮੁੱਖ ਸੜਕਾਂ ’ਤੇ ਰੁਕਾਵਟਾਂ ਕਾਰਨ ਬੱਸ ਸੇਵਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

ਕਿਨ੍ਹਾਂ ਵੱਲੋਂ ਸਮਰਥਨ?

ਪੰਜਾਬ ਬੰਦ ਨੂੰ ਐੱਸਜੀਪੀਸੀ, ਸ਼ਿਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਕਾਲੀ ਦਲ (ਵਾਰਿਸ ਪੰਜਾਬ ਦੇ), ਦਲ ਖਾਲਸਾ, ਹਵਾਰਾ ਕਮੇਟੀ ਸਮੇਤ ਵੱਖ-ਵੱਖ ਪੰਥਕ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਦਾ ਸਮਰਥਨ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

ਕੀ ਹਨ ਮੋਰਚੇ ਦੀਆਂ ਮੁੱਖ ਮੰਗਾਂ?

ਕੌਮੀ ਇੰਸਾਫ਼ ਮੋਰਚੇ ਦੀਆਂ ਮੁੱਖ ਮੰਗਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ, ਜਗਤਾਰ ਸਿੰਘ ਹਵਾਰਾ ਨੂੰ ਘੱਟੋ-ਘੱਟ 10 ਦਿਨ ਦੀ ਪੈਰੋਲ ਦੇਣਾ ਅਤੇ 15 ਅਗਸਤ ਨੂੰ ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਹੋਈ ਪੁਲਸ ਕਾਰਵਾਈ ਦਾ ਵਿਰੋਧ ਸ਼ਾਮਲ ਹੈ।

ਮੋਰਚੇ ਵੱਲੋਂ ਉਸ ਕਾਰਵਾਈ ਦੌਰਾਨ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।

ਬੰਦ ਦੇ ਮੱਦੇਨਜ਼ਰ ਅੱਜ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਪੰਜਾਬ ਵਿੱਚ ਸੜਕੀ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਯਾਤਰੀਆਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਰੂਟ ਅਤੇ ਆਵਾਜਾਈ ਦੀ ਸਥਿਤੀ ਦੀ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।