ਸੰਸਦ ਮੈਂਬਰ ਮੀਤ ਹੇਅਰ ਵਲੋਂ ਨਗਰ ਨਿਗਮ ਅਧੀਨ ਸੀਵਰੇਜ ਪ੍ਰੋਜੈਕਟਾਂ ਦਾ ਜਾਇਜ਼ਾ

1

ਬਰਨਾਲਾ, 16 ਸਤੰਬਰ 2026 AJ DI Awaaj

Punjab Desk :   ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਬਰਨਾਲਾ ਨਗਰ ਨਿਗਮ ਅਧੀਨ ਸੀਵਰੇਜ ਵਿਵਸਥਾ ਸਬੰਧੀ ਮਸਲਿਆਂ ਦੇ ਹੱਲ ਲਈ ਅਹਿਮ ਮੀਟਿੰਗ ਕੀਤੀ ਅਤੇ ਸੀਵਰੇਜ ਪ੍ਰੋਜੈਕਟਾਂ ਨੂੰ ਮਿਆਰੀ ਤਰੀਕੇ ਨਾਲ ਅਤੇ ਪੂਰੀ ਨਿਗਰਾਨੀ ਨਾਲ ਜਲਦ ਸ਼ੁਰੂ ਕਰਾਉਣ ਤੇ ਸਮਾਂਬੱਧ ਰੂਪ ਵਿਚ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ।
ਸੰਸਦ ਮੈਂਬਰ ਮੀਤ ਹੇਅਰ ਨੇ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ, ਸੀਵਰੇਜ ਬੋਰਡ ਅਧਿਕਾਰੀਆਂ, ਨੈਸ਼ਨਲ ਹਾਈਵੇਅ ( ਪੀ ਡਬਲਿਊ ਡੀ) ਸਮੇਤ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸ਼ਹਿਰ ਵਿਚ ਜਿਹੜੇ ਇਲਾਕਿਆਂ ਵਿਚ ਸੀਵਰੇਜ ਜਾਂ ਜਲ ਸਪਲਾਈ ਦੀ ਸਮੱਸਿਆ ਪੇਸ਼ ਆ ਰਹੀ ਹੈ, ਓਹਨਾਂ ਦੀ ਨਜ਼ਰਸਾਨੀ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਉਹਨਾਂ ਅਮਰੁਤ 2.0 ਦੇ ਬਹੁਕਰੋੜੀ ਪ੍ਰੋਜੈਕਟ ਅਧੀਨ ਵੱਖ ਵੱਖ ਇਲਾਕਿਆਂ ਜਿਵੇਂ ਹੰਡਿਆਇਆ ਚੌਂਕ ਖੇਤਰ, ਸੰਘੇੜਾ ਦੇ ਵੱਖ ਵੱਖ ਇਲਾਕਿਆਂ, ਸੇਖਾ ਰੋਡ ਆਦਿ ਇਲਾਕਿਆਂ ਵਿਚ ਸੀਵਰੇਜ ਕੰਮਾਂ ਨੂੰ ਸਮਾਂਬੱਧ ਰੂਪ ਵਿਚ ਕਰਾਉਣ ਲਈ ਸਬੰਧਤ ਵਿਭਾਗਾਂ ਸੀਵਰੇਜ ਬੋਰਡ, ਨਗਰ ਨਿਗਮ, ਨੈਸ਼ਨਲ ਹਾਈਵੇਅ, ਜੰਗਲਾਤ ਵਿਭਾਗ ਨੂੰ ਤਾਲਮੇਲ ਬੇਹਤਰ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਆਮ ਲੋਕਾਂ ਨੂੰ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਉਹਨਾਂ ਕਿਹਾ ਕਿ ਜਿੱਥੇ ਸੀਵਰੇਜ ਦੀ ਡੀਸਿਲਟਿੰਗ ਦੀ ਜ਼ਰੂਰਤ  ਹੈ, ਓਸਦਾ ਜਲਦ ਐਸਟੀਮੇਟ ਤਿਆਰ ਕੀਤਾ ਜਾਵੇ।
ਉਹਨਾਂ ਸ਼ਹਿਰ ਦੇ ਕੁਝ ਖੇਤਰਾਂ ਵਿਚ ਜਲ ਸਪਲਾਈ ਦੀ ਦਿੱਕਤ ਆਉਣ ਦਾ ਨੋਟਿਸ ਲੈਂਦਿਆਂ ਨਿਰਦੇਸ਼ ਦਿੱਤੇ ਕਿ ਪੰਪ ਆਪਰੇਟਰ ਪੰਪ ਸਮੇਂ ਸਿਰ ਚਲਾਉਣ ਵਿਚ ਕੋਈ ਢਿੱਲ ਨਾ ਵਰਤਣ ਅਤੇ ਓਹਨਾਂ ਦੀ ਪੂਰੀ ਨਿਗਰਾਨੀ ਕੀਤੀ ਜਾਵੇ।
ਓਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਦੇ ਮੱਦੇਨਜ਼ਰ 5 ਨਵੇਂ ਟਿਊਬਵੈੱਲ ਲਗਾਏ ਗਏ ਹਨ ਅਤੇ ਇਹ ਸਮੇਂ ਸਿਰ ਚਲਾਉਣ ਵਿਚ ਕੋਈ ਢਿੱਲ ਨਾ ਵਰਤੀ ਜਾਵੇ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ।
ਓਹਨਾਂ ਸਬੰਧਤ ਅਧਿਕਾਰੀਆਂ ਨੂੰ ਸਾਰੇ ਕੰਮ ਸਮੇਂ ਸਿਰ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਇਨ੍ਹਾਂ ਕੰਮਾਂ ਦੀ ਨੇੜਿਓ ਨਿਗਰਾਨੀ ਯਕੀਨੀ ਬਣਾਈ ਜਾਵੇ।
ਇਸ ਤੋਂ ਇਲਾਵਾ ਓਹਨਾਂ ਐਮ ਪੀ ਲੈਡ ਅਧੀਨ ਸ਼ਹਿਰ ਵਿਚ ਧਰਮਸ਼ਾਲਾਵਾਂ ਅਤੇ ਹੋਰ ਕੰਮਾਂ ਲਈ ਫੰਡ ਜਾਰੀ ਕਰਨ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ.0ਪਰਮਿੰਦਰ ਸਿੰਘ ਭੰਗੂ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਹਲਕਾ ਇੰਚਾਰਜ ਸ. ਹਰਿੰਦਰ ਧਾਲੀਵਾਲ, ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਸ. ਜਸਵਿੰਦਰ ਸਿੰਘ ਸੰਘੇੜਾ, ਸ੍ਰੀ ਧੀਰਜ ਕੁਮਾਰ ਦੱਧਾਹੂਰ ਤੋਂ ਇਲਾਵਾ ਵੱਖ ਵੱਖ ਨਗਰ ਕੌਂਸਲਰ ਮੌਜੂਦ ਸਨ।