November 5,2026 Aj Di Awaaj
Punjab Desk: ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਬਾਦਲ ਦਾ ਵਿਆਹ ਇਨ੍ਹੀਂ ਦਿਨੀਂ ਦੇਸ਼ ਦੀ ਸਿਆਸਤ ਅਤੇ ਸ਼ਾਹੀ ਘਰਾਣਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰੀਆ ਬਾਦਲ ਦਾ ਵਿਆਹ ਕਾਂਗਰਸ ਦੇ ਸੀਨੀਅਰ ਆਗੂ ਡਾ. ਕਰਨ ਸਿੰਘ ਦੇ ਪੋਤੇ ਮਾਰਤੰਡ ਸਿੰਘ ਨਾਲ ਹੋਇਆ ਹੈ। ਇਸ ਵਿਆਹ ਨੇ ਪੰਜਾਬ ਦੇ ਬਾਦਲ ਪਰਿਵਾਰ ਅਤੇ ਜੰਮੂ ਦੇ ਇਤਿਹਾਸਕ ਡੋਗਰਾ ਸ਼ਾਹੀ ਘਰਾਣੇ ਵਿਚਕਾਰ ਨਵਾਂ ਰਿਸ਼ਤਾ ਜੋੜ ਦਿੱਤਾ ਹੈ।
ਦਿੱਲੀ ਦੇ ਲੁਟੀਅਨਜ਼ ਇਲਾਕੇ ਵਿੱਚ ਹਫ਼ਤਾ ਭਰ ਚੱਲੇ ਵਿਆਹ ਸਮਾਗਮ ਦੀਆਂ ਕਈ ਰਸਮਾਂ ਨੇ ਦੇਸ਼ ਦੀਆਂ ਸਿਆਸੀ ਅਤੇ ਸ਼ਾਹੀ ਹਸਤੀਆਂ ਦਾ ਧਿਆਨ ਖਿੱਚਿਆ। ਵਿਆਹ ਦੀਆਂ ਅਨੰਦ ਕਾਰਜ ਦੀਆਂ ਰਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੀ ਰਿਹਾਇਸ਼ ’ਤੇ ਹੋਈਆਂ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਪਟਿਆਲਾ ਸ਼ਾਹੀ ਪਰਿਵਾਰ ਦੀ ਰਿਹਾਇਸ਼ ’ਤੇ ਹੋਈ ਰਿਸੈਪਸ਼ਨ
ਵਿਆਹ ਦੀ ਰਿਸੈਪਸ਼ਨ ਪਟਿਆਲਾ ਰਿਆਸਤ ਦੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਦੀ ਨਿੱਜੀ ਰਿਹਾਇਸ਼ ’ਤੇ ਰੱਖੀ ਗਈ। ਇਸ ਸਮਾਗਮ ਵਿੱਚ ਦੇਸ਼ ਦੇ ਕਈ ਪ੍ਰਮੁੱਖ ਸ਼ਾਹੀ ਪਰਿਵਾਰਾਂ ਦੇ ਵਾਰਸ ਆਪਣੇ ਰਵਾਇਤੀ ਅਤੇ ਸ਼ਾਹੀ ਪਹਿਰਾਵਿਆਂ ਵਿੱਚ ਨਜ਼ਰ ਆਏ।
ਸਮਾਗਮ ਵਿੱਚ ਜੰਮੂ ਦੇ ਡੋਗਰਾ ਘਰਾਣੇ ਤੋਂ ਇਲਾਵਾ ਹਿਮਾਚਲ ਦੇ ਰਾਮਪੁਰ ਬੁਸ਼ਹਿਰ ਪਰਿਵਾਰ ਦੀ ਪ੍ਰਤਿਭਾ ਸਿੰਘ, ਗਵਾਲੀਅਰ ਦੇ ਸਿੰਧੀਆ ਘਰਾਣੇ ਤੋਂ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਪਟਿਆਲਾ ਸ਼ਾਹੀ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹੋਏ।
ਪਹਿਲਾਂ ਤੋਂ ਹੀ ਆਪਸ ਵਿੱਚ ਜੁੜੇ ਹੋਏ ਹਨ ਇਹ ਸ਼ਾਹੀ ਪਰਿਵਾਰ
ਦੇਸ਼ ਦੇ ਇਨ੍ਹਾਂ ਪ੍ਰਮੁੱਖ ਸ਼ਾਹੀ ਅਤੇ ਸਿਆਸੀ ਪਰਿਵਾਰਾਂ ਵਿਚਕਾਰ ਰਿਸ਼ਤੇ ਪਹਿਲਾਂ ਤੋਂ ਹੀ ਵਿਆਹਾਂ ਰਾਹੀਂ ਜੁੜੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਅੰਗਦ ਸਿੰਘ ਦਾ ਵਿਆਹ ਹਿਮਾਚਲ ਦੇ ਰਾਮਪੁਰ ਬੁਸ਼ਹਿਰ ਪਰਿਵਾਰ ਦੀ ਪ੍ਰਤਿਭਾ ਸਿੰਘ ਦੀ ਧੀ ਅਪਰਾਜਿਤਾ ਨਾਲ ਹੋਇਆ ਹੈ।
ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਦੋਹਤੇ ਨਿਰਵਾਣ ਸਿੰਘ ਦਾ ਵਿਆਹ ਡਾ. ਕਰਨ ਸਿੰਘ ਦੀ ਪੋਤੀ ਮ੍ਰਿਗਾਂਕਾ ਨਾਲ ਹੋਇਆ ਹੈ। ਇਸ ਤੋਂ ਇਲਾਵਾ ਡਾ. ਕਰਨ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਦਾ ਵਿਆਹ ਗਵਾਲੀਅਰ ਦੇ ਸਵਰਗੀ ਮਾਧਵਰਾਓ ਸਿੰਧੀਆ ਦੀ ਧੀ ਚਿਤ੍ਰਾਂਗਦਾ ਰਾਜੇ ਨਾਲ ਹੋਇਆ ਹੈ।
ਬਾਦਲ ਪਰਿਵਾਰ ਅਤੇ ਡੋਗਰਾ ਘਰਾਣੇ ਵਿਚਕਾਰ ਨਵਾਂ ਰਿਸ਼ਤਾ
ਰੀਆ ਬਾਦਲ ਅਤੇ ਮਾਰਤੰਡ ਸਿੰਘ ਦੇ ਵਿਆਹ ਨੇ ਇਨ੍ਹਾਂ ਪੁਰਾਣੇ ਸ਼ਾਹੀ ਅਤੇ ਸਿਆਸੀ ਰਿਸ਼ਤਿਆਂ ਦੀ ਲੜੀ ਵਿੱਚ ਇੱਕ ਹੋਰ ਕੜੀ ਜੋੜ ਦਿੱਤੀ ਹੈ। ਇਸ ਨਾਲ ਪੰਜਾਬ ਦਾ ਬਾਦਲ ਪਰਿਵਾਰ ਜੰਮੂ ਦੇ ਇਤਿਹਾਸਕ ਡੋਗਰਾ ਸ਼ਾਹੀ ਘਰਾਣੇ ਨਾਲ ਜੁੜ ਗਿਆ ਹੈ।
ਇਹ ਵਿਆਹ ਸਿਰਫ਼ ਦੋ ਪਰਿਵਾਰਾਂ ਦਾ ਮਿਲਾਪ ਹੀ ਨਹੀਂ, ਸਗੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਤ ਸਿਆਸੀ ਅਤੇ ਸ਼ਾਹੀ ਘਰਾਣਿਆਂ ਵਿਚਕਾਰ ਪੁਰਾਣੇ ਰਿਸ਼ਤਿਆਂ ਦੀ ਇੱਕ ਹੋਰ ਮਿਸਾਲ ਵਜੋਂ ਵੀ ਦੇਖਿਆ ਜਾ ਰਿਹਾ ਹੈ।



















