ਟੈਨਿਸ ਬਾਲ ਕ੍ਰਿਕਟ ਦੇ ਬਲਾਕ ਪੱਧਰੀ ਮੁਕਾਬਲੇ 19 ਅਤੇ 21 ਸਤੰਬਰ ਨੂੰ

1

ਬਰਨਾਲਾ, 16 ਸਤੰਬਰ 2026 AJ DI Awaaj

Punjab Desk :   ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 2026 ਤਹਿਤ ਟੈਨਿਸ ਬਾਲ ਕ੍ਰਿਕਟ ਦੇ ਬਲਾਕ ਪੱਧਰੀ ਮੁਕਾਬਲੇ 19 ਅਤੇ 21 ਸਤੰਬਰ 2026 ਨੂੰ ਕਰਵਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਾਕ ਬਰਨਾਲਾ ਦੇ ਖੇਡ ਮੁਕਾਬਲੇ ਕ੍ਰਿਕਟ ਗਰਾਊਂਡ, ਪਿੰਡ ਦਾਨਗੜ੍ਹ  ਬਲਾਕ ਮਹਿਲ ਕਲਾਂ ਦੇ ਖੇਡ ਮੁਕਾਬਲੇ  ਕ੍ਰਿਕਟ ਗਰਾਊਂਡ ਪਿੰਡ ਸਹਿਜੜਾ ਅਤੇ ਬਲਾਕ ਸਹਿਣਾ ਦੇ ਖੇਡ ਮੁਕਾਬਲੇ ਕ੍ਰਿਕਟ ਗਰਾਊਂਡ ਪਿੰਡ ਸੁਖਪੁਰਾ ਵਿੱਚ ਹੋਣਗੇ। ਇਨ੍ਹਾਂ ਮੁਕਾਬਲਿਆਂ ਲਈ ਰਿਪੋਰਟਿੰਗ ਸਮਾਂ ਸਵੇਰੇ 9 ਵਜੇ ਹੋਵੇਗਾ।
ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਕ੍ਰਿਕਟ ਮੁਕਾਬਲਿਆਂ ਲਈ ਆਨਲਾਈਨ ਐਂਟਰੀਆਂ ਸ਼ੁਰੂ ਹੋ ਚੁੱਕੀਆਂ ਹਨ। ਖੇਡ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੇਂਡੂ ਟੀਮਾਂ  ਲਈ ਇੱਕ ਪਿੰਡ ਵੱਲੋਂ ਸਿਰਫ਼ ਇੱਕ ਹੀ ਟੀਮ ਭਾਗ ਲੈ ਸਕੇਗੀ। ਖਿਡਾਰੀਆਂ ਦੀ ਸੂਚੀ (ਟੀਮ ਲਿਸਟ) ਉੱਪਰ ਸਬੰਧਤ ਪਿੰਡ ਦੇ ਸਰਪੰਚ ਦੀ ਮੋਹਰ ਅਤੇ ਦਸਤਖ਼ਤ ਹੋਣੇ ਲਾਜ਼ਮੀ ਹਨ।
ਇਸੇ ਤਰ੍ਹਾਂ ਸ਼ਹਿਰੀ ਟੀਮਾਂ ਮਿਊਂਸਪਲ ਕਮੇਟੀ ਅਧੀਨ ਭਾਗ ਲੈਣ ਵਾਲੀਆਂ ਟੀਮਾਂ ਦੀ ਲਿਸਟ ਉੱਪਰ ਸਬੰਧਤ ਵਾਰਡ ਦੇ ਮਿਊਂਸਪਲ ਕੌਂਸਲਰ (ਐੱਮ.ਸੀ.) ਦੇ ਦਸਤਖ਼ਤ ਅਤੇ ਮੋਹਰ ਹੋਣਾ ਜ਼ਰੂਰੀ ਹੈ।
ਇਸ ਤੋਂ ਇਲਾਵਾ ਹੋਰ ਸੰਸਥਾਵਾਂ ਐਨ.ਜੀ.ਓ., ਕਲੱਬ, ਸਕੂਲ, ਕਾਲਜ ਅਤੇ ਐਸੋਸੀਏਸ਼ਨਾਂ ਵੱਲੋਂ ਭਾਗ ਲੈਣ ਵਾਲੀਆਂ ਟੀਮਾਂ ਲਈ ਸਬੰਧਤ ਸੰਸਥਾ ਦੇ ਅਧਿਕਾਰਤ ਪ੍ਰਤੀਨਿਧੀ ਦੇ ਦਸਤਖ਼ਤ ਅਤੇ ਮੋਹਰ ਲਾਜ਼ਮੀ ਹੋਵੇਗੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਸਮੂਹ ਚਾਹਵਾਨ ਖਿਡਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆਨਲਾਈਨ ਐਂਟਰੀ ਸਮੇਂ ਸਿਰ ਮੁਕੰਮਲ ਕਰਵਾਉਣ ਅਤੇ ਨਿਰਧਾਰਤ ਮਿਤੀ ਤੇ ਸਮੇਂ ਅਨੁਸਾਰ ਖੇਡ ਮੈਦਾਨਾਂ ਵਿੱਚ ਰਿਪੋਰਟ ਕਰਨ।