31 July 2026 Aj Di Awaaj
Business Desk: ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਇੱਕ ਨਵੀਂ ਡਿਜ਼ਿਟਲ ਸੇਵਾ ਸ਼ੁਰੂ ਕੀਤੀ ਹੈ। ਹੁਣ ਕਨਫ਼ਰਮ ਟ੍ਰੇਨ ਟਿਕਟ ਵਾਲੇ ਯਾਤਰੀ ਆਪਣੇ ਨਿੱਜੀ ਸਮਾਨ (ਪਰਸਨਲ ਲਗੇਜ) ਦੀ ਆਨਲਾਈਨ ਬੁਕਿੰਗ ਵੀ ਕਰ ਸਕਣਗੇ। ਇਹ ਨਵੀਂ ਸਹੂਲਤ 31 ਜੁਲਾਈ 2026 ਤੋਂ ਲਾਗੂ ਹੋ ਗਈ ਹੈ। ਇਸ ਦਾ ਮਕਸਦ ਲਗੇਜ ਬੁਕਿੰਗ ਪ੍ਰਕਿਰਿਆ ਨੂੰ ਹੋਰ ਆਸਾਨ, ਪਾਰਦਰਸ਼ੀ ਅਤੇ ਸੁਵਿਧਾਜਨਕ ਬਣਾਉਣਾ ਹੈ।
ਰੇਲਵੇ ਬੋਰਡ ਨੇ 20 ਜੁਲਾਈ 2026 ਨੂੰ ਸਾਰੇ ਜ਼ੋਨਲ ਰੇਲਵੇ ਨੂੰ ਜਾਰੀ ਹਦਾਇਤਾਂ ਵਿੱਚ ਕਿਹਾ ਸੀ ਕਿ ਕਨਫ਼ਰਮ ਟਿਕਟ ‘ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਨਿਰਧਾਰਤ ਵਜ਼ਨ ਸੀਮਾ ਤੱਕ ਆਪਣੇ ਨਿੱਜੀ ਸਮਾਨ ਦੀ ਆਨਲਾਈਨ ਬੁਕਿੰਗ ਦੀ ਸਹੂਲਤ ਦਿੱਤੀ ਜਾਵੇ। ਇਹ ਪ੍ਰਬੰਧ ਸਿਰਫ਼ ਉਸ ਸਮਾਨ ਲਈ ਹੋਵੇਗਾ ਜੋ ਯਾਤਰੀ ਰਾਖਵੇਂ ਡੱਬਿਆਂ ਵਿੱਚ ਆਪਣੇ ਨਾਲ ਲੈ ਕੇ ਜਾਂਦੇ ਹਨ।
ਆਨਲਾਈਨ ਬੁਕਿੰਗ ਦੌਰਾਨ ਯਾਤਰੀਆਂ ਨੂੰ ਪਾਬੰਦੀਸ਼ੁਦਾ ਵਸਤੂਆਂ ਦੀ ਸੂਚੀ, ਵੱਖ-ਵੱਖ ਸ਼੍ਰੇਣੀਆਂ ਲਈ ਮੁਫ਼ਤ ਲਗੇਜ ਸੀਮਾ, ਵੱਧ ਤੋਂ ਵੱਧ ਮਨਜ਼ੂਰਸ਼ੁਦਾ ਵਜ਼ਨ ਅਤੇ ਵਾਧੂ ਸਮਾਨ ‘ਤੇ ਲੱਗਣ ਵਾਲੇ ਚਾਰਜ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ। ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਵਪਾਰਕ ਸਮਾਨ ਨੂੰ ਨਿੱਜੀ ਲਗੇਜ ਵਜੋਂ ਬੁਕ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਰੇਲਵੇ ਦੇ ਨਿਯਮਾਂ ਅਨੁਸਾਰ ਫਸਟ ਏਸੀ ਵਿੱਚ 70 ਕਿਲੋਗ੍ਰਾਮ, ਫਸਟ ਕਲਾਸ ਅਤੇ ਸੈਕਿੰਡ ਏਸੀ ਵਿੱਚ 50 ਕਿਲੋਗ੍ਰਾਮ, ਥਰਡ ਏਸੀ (3AC), ਏਸੀ ਚੇਅਰ ਕਾਰ (CC) ਅਤੇ ਸਲੀਪਰ ਕਲਾਸ ਵਿੱਚ 40 ਕਿਲੋਗ੍ਰਾਮ ਅਤੇ ਸੈਕਿੰਡ ਕਲਾਸ ਵਿੱਚ 35 ਕਿਲੋਗ੍ਰਾਮ ਤੱਕ ਸਮਾਨ ਮੁਫ਼ਤ ਲਿਜਾਣ ਦੀ ਇਜਾਜ਼ਤ ਹੈ। ਇਸ ਤੋਂ ਵੱਧ ਸਮਾਨ ਲਈ ਨਿਯਮਾਂ ਅਨੁਸਾਰ ਵਾਧੂ ਫੀਸ ਅਦਾ ਕਰਨੀ ਪਵੇਗੀ।
ਰੇਲਵੇ ਨੇ ਇਹ ਵੀ ਦੱਸਿਆ ਹੈ ਕਿ 100 ਸੈਂਟੀਮੀਟਰ × 60 ਸੈਂਟੀਮੀਟਰ × 25 ਸੈਂਟੀਮੀਟਰ ਤੱਕ ਦੇ ਆਕਾਰ ਵਾਲੇ ਟਰੰਕ, ਸੂਟਕੇਸ ਅਤੇ ਬਕਸੇ ਯਾਤਰੀ ਆਪਣੇ ਡੱਬੇ ਵਿੱਚ ਨਾਲ ਲੈ ਜਾ ਸਕਦੇ ਹਨ। ਇਸ ਤੋਂ ਵੱਡੇ ਆਕਾਰ ਦੇ ਸਮਾਨ ਨੂੰ ਬ੍ਰੇਕ-ਵੈਨ ਵਿੱਚ ਵੱਖਰੇ ਤੌਰ ‘ਤੇ ਬੁਕ ਕਰਵਾਉਣਾ ਲਾਜ਼ਮੀ ਹੋਵੇਗਾ।
ਰੇਲਵੇ ਦਾ ਮੰਨਣਾ ਹੈ ਕਿ ਇਸ ਨਵੀਂ ਆਨਲਾਈਨ ਪ੍ਰਣਾਲੀ ਨਾਲ ਲਗੇਜ ਬੁਕਿੰਗ ਹੋਰ ਆਸਾਨ ਬਣੇਗੀ ਅਤੇ ਯਾਤਰੀਆਂ ਨੂੰ ਸਟੇਸ਼ਨਾਂ ‘ਤੇ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।



















