ਬਰਨਾਲਾ, 27 ਨਵੰਬਰ 2026 AJ DI Awaaj
Punjab Desk : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਅਭਿਜੀਤ ਕਪਲਿਸ਼ ਆਈ.ਏ.ਐੱਸ.ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਨਸ਼ਿਆਂ ਤੋਂ ਪ੍ਰਭਾਵਿਤ ਖੇਤਰਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿਹਤ ਵਿਭਾਗ ਵੱਲੋਂ ਲਗਾਤਾਰ ਜਾਗਰੂਕਤਾ ਅਤੇ ਜਾਂਚ ਕੈਂਪ ਲਗਾਏ ਜਾ ਰਹੇ ਹਨ। ਕਾਰਜਕਾਰੀ ਸਿਵਲ ਸਰਜਨ ਬਰਨਾਲਾ-ਕਮ-ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮਿੰਦਰ ਕੌਰ ਔਜਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਇਹ ਕੈਂਪ ਨਸ਼ਾ ਹੌਟ ਸਪੋਟ ਖੇਤਰਾਂ ਵਿਚ ਕਾਏ ਗਏ। ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਇੰਦੂ ਬਾਂਸਲ ਅਤੇ ਮਾਨਸਿਕ ਰੋਗ ਮਾਹਿਰ ਡਾ. ਲਿਪਸੀ ਮੋਦੀ ਨੇ ਦੱਸਿਆ ਕਿ ਪਿਛਲੇ ਦਿਨੀਂ ਜ਼ਿਲ੍ਹਾ ਬਰਨਾਲਾ ਦੇ ਹਾਟ-ਸਪਾਟ ਖੇਤਰਾਂ ਜਿਵੇਂ ਕਿ ਸੈਂਸੀ ਬਸਤੀ ਰਾਮ ਬਾਗ, ਸੈਂਸੀ ਬਸਤੀ ਬੱਸ ਸਟੈਂਡ ਸਮੇਤ ਹੋਰ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਵਿਸ਼ੇਸ਼ ਕੈਂਪ ਲਗਾਏ ਗਏ ਹਨ। ਇਨ੍ਹਾਂ ਕੈਂਪਾਂ ਵਿੱਚ ਦਿੱਲੀ ਤੋਂ ਨਿਯੁਕਤ ਮੈਡਮ ਵੈਸ਼ਨਵੀ (ਪ੍ਰੋਗਰਾਮ ਲੀਡਰਸ਼ਿਪ ਇਨ ਮਾਨਸਿਕ ਸਿਹਤ), ਮੈਡਮ ਨੀਤੂ (ਸਾਈਕੈਟ੍ਰਿਕ ਸੋਸ਼ਲ ਵਰਕਰ) ਅਤੇ ਮਨਪ੍ਰੀਤ ਸਿੰਘ (ਡਾਟਾ ਐਂਟਰੀ ਆਪਰੇਟਰ, ਡੀ-ਅਡਿਕਸ਼ਨ ਸੈਂਟਰ, ਸਿਵਲ ਹਸਪਤਾਲ ਬਰਨਾਲਾ) ਦੀ ਟੀਮ ਵੱਲੋਂ ਅਹਿਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।
ਸਿਹਤ ਵਿਭਾਗ ਦੀ ਟੀਮ ਵੱਲੋਂ ਇਨ੍ਹਾਂ ਕੈਂਪਾਂ ਦੌਰਾਨ ਆਮ ਲੋਕਾਂ ਨੂੰ ਮਾਨਸਿਕ ਸਿਹਤ, ਨਸ਼ਿਆਂ ਦੇ ਮਾਰੂ ਪ੍ਰਭਾਵਾਂ ਅਤੇ ਨਸ਼ਿਆਂ ਤੋਂ ਬਚਾਅ ਸਬੰਧੀ ਵਿਸਥਾਰਪੂਰਵਕ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੈਂਪਾਂ ਵਿੱਚ ਨਸ਼ਿਆਂ ਦੇ ਆਦੀ ਹੋ ਚੁੱਕੇ ਵਿਅਕਤੀਆਂ ਨੂੰ ਮਾਨਸਿਕ ਰੋਗ ਮਾਹਿਰ ਡਾਕਟਰਾਂ ਕੋਲੋਂ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਲਾਜ ਪ੍ਰਕਿਰਿਆ ਤਹਿਤ ਓ.ਪੀ.ਡੀ. ਵਿੱਚ ਮਰੀਜ਼ਾਂ ਦੇ ਡੋਪ ਟੈਸਟ ਅਤੇ ਵਾਇਰਲ ਟੈਸਟ ਕਰਵਾ ਕੇ ਉਨ੍ਹਾਂ ਦੀ ਸਥਿਤੀ ਅਨੁਸਾਰ ਓਟ ਕਲੀਨਿਕ ਰਾਹੀਂ ਰੋਜ਼ਾਨਾ ਦਵਾਈ ਦਿੱਤੀ ਜਾਂਦੀ ਹੈ, ਜਦਕਿ ਲੋੜ ਅਨੁਸਾਰ ਹੋਰ ਦਵਾਈਆਂ ਜਾਂ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਕੇ ਵੀ ਇਲਾਜ ਕੀਤਾ ਜਾਂਦਾ ਹੈ।
ਸਿਹਤ ਵਿਭਾਗ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਨਸ਼ਾ ਛੁਡਾਊ ਕੇਂਦਰ, ਬਰਨਾਲਾ ਵਿਖੇ ਮਰੀਜ਼ਾਂ ਦਾ ਸਾਰਾ ਇਲਾਜ, ਜ਼ਰੂਰੀ ਟੈਸਟ ਅਤੇ ਖਾਣਾ ਬਿਲਕੁਲ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ।



















