ਡਿਪਟੀ ਕਮਿਸ਼ਨਰ ਅੰਕੁਰ ਮਹਿੰਦਰੂ ਵੱਲੋਂ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ

1
ਸੰਗਰੂਰ, 26 ਨਵੰਬਰ 2026 AJ DI Awaaj

Punjab Desk :      ਸਤੰਬਰ 2026 ਨੂੰ ਸਮਾਪਤ ਹੋਈ ਤਿਮਾਹੀ ਸਬੰਧੀ ਜ਼ਿਲ੍ਹਾ ਸਲਾਹਕਾਰ ਕਮੇਟੀ (ਡੀ.ਸੀ.ਸੀ.) ਅਤੇ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ (ਡੀ.ਐੱਲ.ਆਰ.ਸੀ.) ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੰਗਰੂਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅੰਕੁਰ ਮਹਿੰਦਰੂ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਬੈਂਕਾਂ ਦੀ ਤਿਮਾਹੀ ਕਾਰਗੁਜ਼ਾਰੀ, ਸਾਲਾਨਾ ਕਰਜ਼ਾ ਯੋਜਨਾ, ਸਰਕਾਰ ਵੱਲੋਂ ਪ੍ਰਾਯੋਜਿਤ ਯੋਜਨਾਵਾਂ, ਵਿੱਤੀ ਸਮਾਵੇਸ਼ ਅਤੇ ਸਵੈ-ਰੁਜ਼ਗਾਰ ਨਾਲ ਸਬੰਧਤ ਪ੍ਰੋਗਰਾਮਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅੰਕੁਰ ਮਹਿੰਦਰੂ ਨੇ ਨਾਬਾਰਡ ਵੱਲੋਂ ਜ਼ਿਲ੍ਹਾ ਸੰਗਰੂਰ ਲਈ ਤਿਆਰ ਕੀਤੀ ਗਈ ਵਿੱਤੀ ਸਾਲ 2027–28 ਦੀ ਸੰਭਾਵੀ ਕਰਜ਼ਾ ਯੋਜਨਾ (ਪੀ.ਐੱਲ.ਪੀ.) ਵੀ ਰਸਮੀ ਤੌਰ ’ਤੇ ਜਾਰੀ ਕੀਤੀ।

ਮੀਟਿੰਗ ਦੀ ਸ਼ੁਰੂਆਤ ਮੌਕੇ ਲੀਡ ਜ਼ਿਲ੍ਹਾ ਮੈਨੇਜਰ ਸੁਰਮੁਖ ਸਿੰਘ ਨੇ ਸਮੂਹ ਮੈਂਬਰਾਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ। ਉਨ੍ਹਾਂ ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦਿਆਂ ਵੱਖ-ਵੱਖ ਬੈਂਕਿੰਗ ਮਾਪਦੰਡਾਂ, ਕਰਜ਼ਾ ਵੰਡ, ਜਮ੍ਹਾਂ ਰਾਸ਼ੀਆਂ ਅਤੇ ਸਰਕਾਰ ਵੱਲੋਂ ਪ੍ਰਾਯੋਜਿਤ ਯੋਜਨਾਵਾਂ ਅਧੀਨ ਬੈਂਕਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ।

ਵਿੱਤੀ ਸਾਲ 2026–27 ਦੀ ਸਾਲਾਨਾ ਕਰਜ਼ਾ ਯੋਜਨਾ ਦੀ ਸਮੀਖਿਆ ਦੌਰਾਨ ਦੱਸਿਆ ਗਿਆ ਕਿ ਭਾਰਤ ਸਰਕਾਰ ਵੱਲੋਂ ਖੇਤੀਬਾੜੀ ਖੇਤਰ ਲਈ ਜ਼ਮੀਨੀ ਪੱਧਰ ਦੇ ਕਰਜ਼ੇ ਦੇ ਟੀਚੇ ਵਿੱਚ ਵਾਧਾ ਕੀਤੇ ਜਾਣ ਉਪਰੰਤ ਜ਼ਿਲ੍ਹਾ ਸੰਗਰੂਰ ਵਿੱਚ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਲਈ ਸਾਲਾਨਾ ਕਰਜ਼ਾ ਟੀਚਾ 7,921 ਕਰੋੜ ਰੁਪਏ ਤੋਂ ਵਧਾ ਕੇ 10,725 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੀ ਸਮੁੱਚੀ ਸਾਲਾਨਾ ਕਰਜ਼ਾ ਯੋਜਨਾ ਦਾ ਟੀਚਾ 15,245 ਕਰੋੜ ਰੁਪਏ ਤੋਂ ਵਧ ਕੇ 18,049 ਕਰੋੜ ਰੁਪਏ ਹੋ ਗਿਆ ਹੈ।

ਮੀਟਿੰਗ ਵਿੱਚ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਬੈਂਕਾਂ ਵੱਲੋਂ ਸਤੰਬਰ 2026 ਤੱਕ 9,392.19 ਕਰੋੜ ਰੁਪਏ ਦੇ ਕਰਜ਼ੇ ਵੰਡੇ ਗਏ ਹਨ, ਜੋ ਸੋਧੇ ਹੋਏ ਸਾਲਾਨਾ ਕਰਜ਼ਾ ਟੀਚੇ ਦਾ 52.04 ਫ਼ੀਸਦੀ ਬਣਦਾ ਹੈ।

ਇਸੇ ਤਰ੍ਹਾਂ ਜ਼ਿਲ੍ਹੇ ਦਾ ਕਰਜ਼ਾ-ਜਮ੍ਹਾਂ ਅਨੁਪਾਤ ਜੂਨ 2026 ਦੇ 74.86 ਫ਼ੀਸਦੀ ਤੋਂ ਵਧ ਕੇ ਸਤੰਬਰ 2026 ਵਿੱਚ 80.15 ਫ਼ੀਸਦੀ ਹੋ ਗਿਆ ਹੈ, ਜਦਕਿ ਸਤੰਬਰ 2025 ਵਿੱਚ ਇਹ ਅਨੁਪਾਤ 77.92 ਫ਼ੀਸਦੀ ਸੀ। ਸਤੰਬਰ 2026 ਤੱਕ ਜ਼ਿਲ੍ਹੇ ਦੀਆਂ ਕੁੱਲ ਜਮ੍ਹਾਂ ਰਾਸ਼ੀਆਂ 19,923.02 ਕਰੋੜ ਰੁਪਏ ਅਤੇ ਬਕਾਇਆ ਕਰਜ਼ੇ 15,967.98 ਕਰੋੜ ਰੁਪਏ ਦਰਜ ਕੀਤੇ ਗਏ।

ਵਧੀਕ ਡਿਪਟੀ ਕਮਿਸ਼ਨਰ ਅੰਕੁਰ ਮਹਿੰਦਰੂ ਨੇ ਸਰਕਾਰ ਵੱਲੋਂ ਪ੍ਰਾਯੋਜਿਤ ਵੱਖ-ਵੱਖ ਯੋਜਨਾਵਾਂ ਅਧੀਨ ਕਰਜ਼ਾ ਅਰਜ਼ੀਆਂ ਲੰਬਿਤ ਹੋਣ ’ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯੋਗ ਬਿਨੈਕਾਰਾਂ ਦੀਆਂ ਬਕਾਇਆ ਅਰਜ਼ੀਆਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕੀਤਾ ਜਾਵੇ ਅਤੇ ਬਿਨਾਂ ਕਿਸੇ ਠੋਸ ਕਾਰਨ ਦੇ ਕਰਜ਼ਾ ਅਰਜ਼ੀਆਂ ਨੂੰ ਲੰਬਿਤ ਨਾ ਰੱਖਿਆ ਜਾਵੇ।

ਉਨ੍ਹਾਂ ਕਿਹਾ ਕਿ ਸਵੈ-ਰੁਜ਼ਗਾਰ, ਉੱਦਮਤਾ ਅਤੇ ਰੁਜ਼ਗਾਰ ਸਿਰਜਣ ਨੂੰ ਹੁਲਾਰਾ ਦੇਣ ਲਈ ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਬੇਹੱਦ ਜ਼ਰੂਰੀ ਹੈ। ਉਨ੍ਹਾਂ ਵਿਭਾਗਾਂ ਨੂੰ ਕਿਹਾ ਕਿ ਬੈਂਕਾਂ ਕੋਲ ਭੇਜੇ ਜਾਣ ਵਾਲੇ ਕਰਜ਼ਾ ਮਾਮਲਿਆਂ ਦੀ ਨਿਯਮਤ ਪੈਰਵੀ ਕੀਤੀ ਜਾਵੇ, ਜਦਕਿ ਬੈਂਕ ਅਜਿਹੇ ਮਾਮਲਿਆਂ ’ਤੇ ਸਮਾਂਬੱਧ ਫ਼ੈਸਲਾ ਲੈਣਾ ਯਕੀਨੀ ਬਣਾਉਣ।

ਭਾਰਤੀ ਰਿਜ਼ਰਵ ਬੈਂਕ ਦੇ ਲੀਡ ਜ਼ਿਲ੍ਹਾ ਅਧਿਕਾਰੀ ਮੁਨੀਸ਼ ਖੰਨਾ ਨੇ ਕਿਹਾ ਕਿ ਸੋਧੀ ਹੋਈ ਲੀਡ ਬੈਂਕ ਸਕੀਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੈਂਕ ਆਪਣੇ ਸਬੰਧਤ ਪ੍ਰਸ਼ਾਸਕੀ ਦਫ਼ਤਰਾਂ ਵਿੱਚੋਂ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਬੈਂਕਾਂ ਅਤੇ ਪ੍ਰਸ਼ਾਸਨ ਵਿਚਕਾਰ ਬਿਹਤਰ ਤਾਲਮੇਲ, ਬ੍ਰਾਂਚਾਂ ਦੀ ਕਾਰਗੁਜ਼ਾਰੀ ਦੀ ਪ੍ਰਭਾਵਸ਼ਾਲੀ ਨਿਗਰਾਨੀ ਅਤੇ ਬੀ.ਐੱਲ.ਬੀ.ਸੀ. ਅਤੇ ਡੀ.ਸੀ.ਸੀ./ਡੀ.ਐੱਲ.ਆਰ.ਸੀ. ਮੀਟਿੰਗਾਂ ਵਿੱਚ ਲਏ ਗਏ ਫ਼ੈਸਲਿਆਂ ਨੂੰ ਸਮੇਂ ਸਿਰ ਲਾਗੂ ਕਰਨਾ ਯਕੀਨੀ ਬਣਾਇਆ ਜਾ ਸਕੇਗਾ।

ਉਨ੍ਹਾਂ ਨੇ ਵਿੱਤੀ ਸਮਾਵੇਸ਼ ਲਈ ਰਾਸ਼ਟਰੀ ਰਣਨੀਤੀ 2025–30 ਅਧੀਨ ਬੈਂਕਿੰਗ ਸਹੂਲਤਾਂ ਤੋਂ ਵਾਂਝੇ ਮਾਲ ਕੇਂਦਰਾਂ ਨੂੰ ਸਮੇਂ ਸਿਰ ਬੈਂਕਿੰਗ ਸੇਵਾਵਾਂ ਨਾਲ ਜੋੜਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਆਰ.ਬੀ.ਆਈ. ਦੇ ਨਿਰਦੇਸ਼ਾਂ ਅਨੁਸਾਰ ਟੀਅਰ-6 ਅਧੀਨ ਚਿੰਨ੍ਹਿਤ ਬੈਂਕਿੰਗ ਸਹੂਲਤਾਂ ਤੋਂ ਵਾਂਝੇ ਮਾਲ ਕੇਂਦਰਾਂ ਵਿੱਚੋਂ 15 ਫ਼ੀਸਦੀ ਨੂੰ 31 ਦਸੰਬਰ 2026 ਤੱਕ ਬੈਂਕਿੰਗ ਸੇਵਾਵਾਂ ਨਾਲ ਜੋੜਨ ਦਾ ਟੀਚਾ ਹੈ। ਉਨ੍ਹਾਂ ਸਬੰਧਤ ਬੈਂਕਾਂ ਨੂੰ ਅਲਾਟ ਕੀਤੇ ਮਾਲ ਕੇਂਦਰਾਂ ਵਿੱਚ ਨਿਰਧਾਰਤ ਸਮੇਂ ਅੰਦਰ ਬੈਂਕਿੰਗ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਿਹਾ।

ਇਸ ਮੌਕੇ ਨਾਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਮਨੀਸ਼ ਗੁਪਤਾ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਵਿੱਤੀ ਸਾਲ 2027–28 ਦੀ ਸੰਭਾਵੀ ਕਰਜ਼ਾ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਯੋਜਨਾ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਮੌਜੂਦ ਕਰਜ਼ਾ ਸੰਭਾਵਨਾਵਾਂ, ਬੁਨਿਆਦੀ ਢਾਂਚੇ ਦੀਆਂ ਲੋੜਾਂ ਅਤੇ ਖੇਤੀਬਾੜੀ, ਸਹਾਇਕ ਧੰਦਿਆਂ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਸਮੇਤ ਹੋਰ ਤਰਜੀਹੀ ਖੇਤਰਾਂ ਵਿੱਚ ਕਰਜ਼ੇ ਦੀ ਉਪਲਬਧਤਾ ਵਧਾਉਣ ਦੇ ਮੌਕਿਆਂ ਨੂੰ ਉਜਾਗਰ ਕੀਤਾ ਗਿਆ ਹੈ। ਇਹ ਯੋਜਨਾ ਵਿੱਤੀ ਸਾਲ 2027–28 ਲਈ ਜ਼ਿਲ੍ਹੇ ਦੀ ਸਾਲਾਨਾ ਕਰਜ਼ਾ ਯੋਜਨਾ ਤਿਆਰ ਕਰਨ ਦਾ ਆਧਾਰ ਬਣੇਗੀ।

ਮੀਟਿੰਗ ਦੌਰਾਨ 21 ਅਕਤੂਬਰ ਤੋਂ 31 ਦਸੰਬਰ 2026 ਤੱਕ ਚਲਾਈ ਜਾ ਰਹੀ ਵਿੱਤੀ ਸਮਾਵੇਸ਼ ਸੰਤ੍ਰਿਪਤੀ ਮੁਹਿੰਮ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। ਮੈਂਬਰਾਂ ਨੂੰ 25 ਨਵੰਬਰ ਨੂੰ ਲਗਾਏ ਗਏ ਮੈਗਾ ਵਿੱਤੀ ਸਮਾਵੇਸ਼ ਕੈਂਪ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਅਧੀਨ ਸਮੂਹ ਯੋਗ ਲਾਭਪਾਤਰੀਆਂ ਨੂੰ ਕਵਰ ਕਰਨ ਦੇ ਨਾਲ-ਨਾਲ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਨ ਦਾ ਕੰਮ ਮੁਕੰਮਲ ਕਰਨ ’ਤੇ ਜ਼ੋਰ ਦਿੱਤਾ ਗਿਆ।

ਸਵੈ-ਸਹਾਇਤਾ ਸਮੂਹਾਂ ਦੇ ਬੱਚਤ ਬੈਂਕ ਖਾਤੇ ਖੋਲ੍ਹਣ ਅਤੇ ਉਨ੍ਹਾਂ ਨੂੰ ਕੈਸ਼ ਕ੍ਰੈਡਿਟ ਸਹੂਲਤ ਨਾਲ ਜੋੜਨ ਦੀ ਪ੍ਰਕਿਰਿਆ ਸਮੇਂ ਸਿਰ ਮੁਕੰਮਲ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਬੈਂਕਾਂ ਨੂੰ ਸਵੈ-ਸਹਾਇਤਾ ਸਮੂਹਾਂ ਨਾਲ ਸਬੰਧਤ ਬਕਾਇਆ ਅਰਜ਼ੀਆਂ ਦਾ 30 ਨਵੰਬਰ 2026 ਤੱਕ ਨਿਪਟਾਰਾ ਕਰਨ ਲਈ ਕਿਹਾ ਗਿਆ, ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਨ੍ਹਾਂ ਸਮੂਹਾਂ ਲਈ ਵਿਸ਼ੇਸ਼ ਕਰਜ਼ਾ ਮੇਲਾ ਲਗਾਇਆ ਜਾ ਸਕੇ।

ਇਸ ਤੋਂ ਇਲਾਵਾ ਮੀਟਿੰਗ ਵਿੱਚ ਡਿਜੀਟਲ ਬੈਂਕਿੰਗ ਨੂੰ ਉਤਸ਼ਾਹਿਤ ਕਰਨ, ਆਮ ਲੋਕਾਂ ਨੂੰ ਸਾਈਬਰ ਧੋਖਾਧੜੀ ਤੋਂ ਸੁਚੇਤ ਕਰਨ, ਬੀ.ਐੱਲ.ਬੀ.ਸੀ. ਅਤੇ ਡੀ.ਸੀ.ਸੀ./ਡੀ.ਐੱਲ.ਆਰ.ਸੀ. ਮੀਟਿੰਗਾਂ ਵਿੱਚ ਬੈਂਕ ਅਧਿਕਾਰੀਆਂ ਦੀ ਨਿਯਮਤ ਹਾਜ਼ਰੀ ਯਕੀਨੀ ਬਣਾਉਣ ਅਤੇ ਮੀਟਿੰਗਾਂ ਵਿੱਚ ਲਏ ਗਏ ਫ਼ੈਸਲਿਆਂ ਦੀ ਸਮੇਂ ਸਿਰ ਪਾਲਣਾ ਕਰਨ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ ਲੀਡ ਜ਼ਿਲ੍ਹਾ ਅਧਿਕਾਰੀ ਮੁਨੀਸ਼ ਖੰਨਾ, ਨਾਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਮਨੀਸ਼ ਗੁਪਤਾ, ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਸੰਗਰੂਰ ਦੇ ਡਾਇਰੈਕਟਰ ਬਿਸਵਜੀਤ ਮੁਖਰਜੀ, ਪੰਜਾਬ ਨੈਸ਼ਨਲ ਬੈਂਕ ਦੇ ਜ਼ਿਲ੍ਹਾ ਕੋਆਰਡੀਨੇਟਰ ਸਤੀਸ਼ ਅਹਲਾਵਤ, ਵੱਖ-ਵੱਖ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ ਸਬੰਧਤ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਮੀਟਿੰਗ ਦੇ ਅੰਤ ਵਿੱਚ ਲੀਡ ਜ਼ਿਲ੍ਹਾ ਮੈਨੇਜਰ ਸੁਰਮੁਖ ਸਿੰਘ ਨੇ ਮੀਟਿੰਗ ਦੀ ਪ੍ਰਧਾਨਗੀ ਕਰਨ ਅਤੇ ਵਡਮੁੱਲਾ ਮਾਰਗਦਰਸ਼ਨ ਦੇਣ ਲਈ ਵਧੀਕ ਡਿਪਟੀ ਕਮਿਸ਼ਨਰ ਅੰਕੁਰ ਮਹਿੰਦਰੂ ਦਾ ਧੰਨਵਾਦ ਕੀਤਾ। ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਮੈਂਬਰਾਂ ਵੱਲੋਂ ਕੀਤੀ ਗਈ ਸਰਗਰਮ ਸ਼ਮੂਲੀਅਤ ਅਤੇ ਉਸਾਰੂ ਵਿਚਾਰ-ਵਟਾਂਦਰੇ ਲਈ ਵੀ ਧੰਨਵਾਦ ਪ੍ਰਗਟਾਇਆ।