ਬਠਿੰਡਾ: 27 Nov 2026 AJ DI Awaaj
Punjab Desk : ਬਠਿੰਡਾ ਵਿੱਚ ਕਰੀਬ 50 ਕਰੋੜ ਰੁਪਏ ਦੀ ਧੋ*ਖਾਧੜੀ ਦੇ ਮਾਮਲੇ ਵਿੱਚ ਪਿਛਲੇ 9 ਸਾਲਾਂ ਤੋਂ ਫਰਾਰ ਚੱਲ ਰਹੇ ਮੁਲਜ਼ਮ ਰਾਮ ਸਿੰਘ ਨੂੰ ਪੁਲਿਸ ਨੇ ਗ੍ਰਿ*ਫ਼ਤਾਰ ਕਰ ਲਿਆ ਹੈ। ਗ੍ਰਿ*ਫ਼ਤਾਰੀ ਤੋਂ ਬਚਣ ਲਈ ਉਸ ਨੇ ਆਪਣਾ ਹੁਲੀਆ ਪੂਰੀ ਤਰ੍ਹਾਂ ਬਦਲ ਲਿਆ ਸੀ। ਉਸ ਨੇ ਦਾੜ੍ਹੀ ਵਧਾ ਕੇ ਅਤੇ ਗਾਤਰਾ ਪਾ ਕੇ ਅੰਮ੍ਰਿਤਧਾਰੀ ਸਿੱਖ ਦਾ ਰੂਪ ਧਾਰ ਲਿਆ ਸੀ। ਉਹ ਇੱਕ ਵਿਆਹ ਸਮਾਗਮ ਵਿੱਚ ਕੀਰਤਨ ਕਰ ਰਿਹਾ ਸੀ, ਜਿੱਥੇ ਪੀੜਤਾਂ ਦੀ ਸੰਸਥਾ ਦੇ ਚੇਅਰਮੈਨ ਨੇ ਉਸ ਨੂੰ ਪਛਾਣ ਲਿਆ।
ਜਾਣਕਾਰੀ ਅਨੁਸਾਰ, ਮੁਲਜ਼ਮ ਨੇ ਲੋਕਾਂ ਨੂੰ ਨਿਵੇਸ਼ ‘ਤੇ 18 ਫ਼ੀਸਦੀ ਸਾਲਾਨਾ ਮੁਨਾਫ਼ਾ ਦੇਣ ਦਾ ਲਾਲਚ ਦੇ ਕੇ ਕਰੋੜਾਂ ਰੁਪਏ ਦੀ ਠੱ*ਗੀ ਮਾਰੀ ਸੀ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਪੀ*ੜਤਾਂ ਨੇ ਇਨਸਾਫ਼ ਅਤੇ ਆਪਣੀ ਰਕਮ ਵਾਪਸ ਲੈਣ ਲਈ ‘ਇਨਸਾਫ਼ ਕੀ ਲਹਿਰ ਖਾਤੇਦਾਰ ਵੈਲਫੇਅਰ ਸੁਸਾਇਟੀ’ ਬਣਾਈ ਸੀ।
ਚੇਅਰਮੈਨ ਨੇ ਪਛਾਣ ਕੇ ਪੁਲਿਸ ਨੂੰ ਦਿੱਤੀ ਸੂਚਨਾ
ਸੁਸਾਇਟੀ ਦੇ ਚੇਅਰਮੈਨ ਗੁਰਭੇਜ ਸਿੰਘ ਨੇ ਦੱਸਿਆ ਕਿ 21 ਨਵੰਬਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਾਮ ਸਿੰਘ ਆਪਣੇ ਪਿੰਡ ਵਾਪਸ ਆ ਗਿਆ ਹੈ ਅਤੇ ਪਿੰਡ ਮਹਿਮਾ ਭਗਵਾਨਾ ਵਿੱਚ ਆਪਣੇ ਭਰਾ ਦੇ ਸਹੁਰੇ ਘਰ ਹੋਣ ਵਾਲੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਵਾਲਾ ਹੈ। ਇਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਮੁਲਜ਼ਮ ਨੂੰ ਪਛਾਣ ਲਿਆ। ਹਾਲਾਂਕਿ ਉਸ ਨੇ ਆਪਣਾ ਹੁਲੀਆ ਬਦਲਿਆ ਹੋਇਆ ਸੀ।
ਉਨ੍ਹਾਂ ਨੇ ਤੁਰੰਤ ਬਠਿੰਡਾ ਦੇ ਐੱਸਐੱਸਪੀ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਡੀਐੱਸਪੀ ਦੀ ਅਗਵਾਈ ਹੇਠ ਪੁਲਿਸ ਟੀਮ ਸਾਦੇ ਕੱਪੜਿਆਂ ਵਿੱਚ ਵਿਆਹ ਸਮਾਗਮ ਵਾਲੀ ਥਾਂ ‘ਤੇ ਪਹੁੰਚੀ। 22 ਨਵੰਬਰ ਨੂੰ ਪੁਲਿਸ ਨੇ ਉਸ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ। ਦੁਪਹਿਰ ਕਰੀਬ 1 ਵਜੇ ਰਾਮ ਸਿੰਘ ਵਿਆਹ ਸਮਾਗਮ ਤੋਂ ਨਿਕਲ ਕੇ ਗੁਰਦੁਆਰੇ ਵਿੱਚ ਕੀਰਤਨ ਕਰਨ ਚਲਾ ਗਿਆ। ਪੁਲਿਸ ਨੇ ਗੁਰਦੁਆਰੇ ਦੇ ਬਾਹਰ ਉਡੀਕ ਕੀਤੀ ਅਤੇ ਦੁਪਹਿਰ ਕਰੀਬ 2:30 ਵਜੇ ਬਾਹਰ ਨਿਕਲਦੇ ਹੀ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਜ਼ੀਰਕਪੁਰ ਵਿੱਚ ਲੁਕ ਕੇ ਰਹਿ ਰਿਹਾ ਸੀ ਮੁਲਜ਼ਮ
ਪੁਲਿਸ ਜਾਂਚ ਮੁਤਾਬਕ, ਮੁਲਜ਼ਮ ਪਿਛਲੇ ਨੌਂ ਸਾਲਾਂ ਤੋਂ ਜ਼ੀਰਕਪੁਰ ਵਿੱਚ ਰਹਿ ਰਿਹਾ ਸੀ। ਫਰਾਰ ਹੋਣ ਤੋਂ ਬਾਅਦ ਉਸ ਨੇ ਦੋ ਵਾਰ ਆਪਣਾ ਹੁਲੀਆ ਬਦਲਿਆ। ਪਹਿਲਾਂ ਉਸ ਨੇ ਵਾਲ ਕਟਵਾ ਲਏ ਅਤੇ ਬਾਅਦ ਵਿੱਚ ਦਾੜ੍ਹੀ ਵਧਾ ਕੇ ਗਾਤਰਾ ਪਾਉਣਾ ਸ਼ੁਰੂ ਕਰ ਦਿੱਤਾ। ਉਹ ਕੀਰਤਨ ਕਰਨ ਵਾਲੇ ਵਿਅਕਤੀ ਵਜੋਂ ਆਪਣੀ ਪਛਾਣ ਬਣਾ ਕੇ ਰਹਿ ਰਿਹਾ ਸੀ।
2012 ਵਿੱਚ ਬਣਾਈ ਸੀ ਕੰਪਨੀ
ਜਾਂਚ ਅਨੁਸਾਰ, ਸਾਲ 2012 ਵਿੱਚ ਅਮਰਜੀਤ ਸਿੰਘ ਢੀਂਗਰਾ, ਰਾਮ ਸਿੰਘ ਅਤੇ ਨਵਜੀਤ ਸਿੰਘ ਨੇ ਮਿਲ ਕੇ ‘ਸਰਵ ਐਗਰੋ ਇੰਡੀਆ ਲਿਮਟਿਡ’ ਨਾਂ ਦੀ ਕੰਪਨੀ ਬਣਾਈ ਸੀ। ਇਸ ਦਾ ਮੁੱਖ ਦਫ਼ਤਰ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਸਥਿਤ ਨਿਰਮਲ ਕੰਪਲੈਕਸ ਵਿੱਚ ਸੀ। ਬਾਅਦ ਵਿੱਚ ਕੰਪਨੀ ਨੇ ਪੰਜਾਬ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਆਪਣੀਆਂ ਸ਼ਾਖਾਵਾਂ ਖੋਲ੍ਹੀਆਂ।
ਖੁੰਬਾਂ ਦੇ ਫਾਰਮ ਦਿਖਾ ਕੇ ਜਿੱਤਿਆ ਨਿਵੇਸ਼ਕਾਂ ਦਾ ਭਰੋਸਾ
ਕੰਪਨੀ ਨੇ ਮਹਿਮਾ ਸਰਜਾ ਪਿੰਡ ਨੇੜੇ ਖੁੰਬਾਂ ਦੇ ਤਿੰਨ ਫਾਰਮ ਅਤੇ ਇੱਕ ਖਾਦ ਬਣਾਉਣ ਵਾਲਾ ਪਲਾਂਟ ਸਥਾਪਤ ਕੀਤਾ ਸੀ। ਇਸ ਤੋਂ ਇਲਾਵਾ ਮੱਖੀ ਪਾਲਣ ਅਤੇ ਹੋਟਲ ਕਾਰੋਬਾਰ ਨਾਲ ਜੁੜੇ ਹੋਣ ਦਾ ਦਾਅਵਾ ਵੀ ਕੀਤਾ ਜਾਂਦਾ ਸੀ। ਕੰਪਨੀ ਦੇ ਸੰਚਾਲਕ ਲੋਕਾਂ ਨੂੰ ਫਾਰਮ ਦਿਖਾਉਂਦੇ ਅਤੇ ਹੋਟਲਾਂ ਵਿੱਚ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਨਿਵੇਸ਼ ਕਰਨ ਲਈ ਪ੍ਰੇਰਿਤ ਕਰਦੇ ਸਨ।
ਕੰਪਨੀ ਵੱਲੋਂ ਨਿਵੇਸ਼ਕਾਂ ਨੂੰ 18 ਫ਼ੀਸਦੀ ਸਾਲਾਨਾ ਵਿਆਜ ਦੇਣ ਦਾ ਵਾਅਦਾ ਕੀਤਾ ਜਾਂਦਾ ਸੀ। ਲੋਕਾਂ ਨੂੰ ਸਮਝਾਇਆ ਜਾਂਦਾ ਸੀ ਕਿ 30 ਹਜ਼ਾਰ ਰੁਪਏ ਦਾ ਨਿਵੇਸ਼ ਪੰਜ ਸਾਲਾਂ ਬਾਅਦ ਵਧ ਕੇ 99 ਹਜ਼ਾਰ ਰੁਪਏ ਹੋ ਜਾਵੇਗਾ। ਇਸ ਤਰ੍ਹਾਂ ਕਈ ਲੋਕਾਂ ਨੇ ਕੰਪਨੀ ਵਿੱਚ ਆਪਣੀ ਰਕਮ ਨਿਵੇਸ਼ ਕੀਤੀ।
ਫਿਲਹਾਲ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਇੰਨੇ ਸਾਲਾਂ ਤੱਕ ਕਿੱਥੇ ਰਿਹਾ ਅਤੇ ਠੱਗੀ ਦੀ ਰਕਮ ਕਿੱਥੇ ਲੁਕਾਈ ਗਈ ਹੈ।



















