ਹੁਸ਼ਿਆਰਪੁਰ, 3 ਨਵੰਬਰ 2026 AJ DI Awaaj
Punjab Desk : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਦੀ ਰੋਕਥਾਮ ਲਈ ਜ਼ਿਲ੍ਹੇ ਵਿਚ 60 ਦਿਨਾਂ ਲਈ ਸ਼ੁਰੂ ਕੀਤੀਆਂ ਵਿਸ਼ੇਸ਼ ਸਰਗਰਮੀਆਂ ਦੀ ਲੜੀ ਵਿਚ ਨੇੜਲੇ ਪਿੰਡ ਭੂੰਗਰਨੀ ਵਿਖੇ ਖੇਡ ਵਿਭਾਗ ਵਲੋਂ ਨੌਜਵਾਨਾਂ ਲਈ ਫੁੱਟਬਾਲ ਮੈਚ ਕਰਵਾਇਆ ਗਿਆ ਜਿਸ ਦਾ ਉਦੇਸ਼ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਸੁਨੇਹਾ ਦੇਣਾ ਅਤੇ ਨਸ਼ਿਆਂ ਦੇ ਖਾਤਮੇ ਲਈ ਲਾਮਬੰਦੀ ਸੀ।
ਫੁੱਟਬਾਲ ਮੈਚ ਦੌਰਾਨ ਸਹਾਇਕ ਕਮਿਸ਼ਨਰ ਅਮਨਦੀਪ ਕੌਰ ਨੇ ਖਿਡਾਰੀਆਂ ਦੀ ਹੌਂਸਲਅਫਜਾਈ ਕਰਦਿਆਂ ਕਿਹਾ ਕਿ ਨੌਜਵਾਨਾਂ ਦੇ ਮਹੱਤਵਪੂਰਨ ਸਹਿਯੋਗ ਸਦਕਾ ਨਸ਼ਿਆਂ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ ਜਿਸ ਲਈ ਹਰ ਖੇਤਰ ਵਿਚ ਨੌਜਵਾਨਾਂ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦੇਸ਼ ਦਾ ਭਵਿੱਖ ਹੈ ਅਤੇ ਜੇਕਰ ਨੌਜਵਾਨ ਨਸ਼ਿਆਂ ਤੋਂ ਰਹਿਤ ਰਹਿਣਗੇ ਤਾਂ ਦੇਸ਼ ਦਾ ਭਵਿੱਖ ਚੰਗੇਰਾ ਅਤੇ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਖਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਆਪੋ-ਆਪਣੀ ਖੇਡ ਪ੍ਰਤਿਭਾ ਨੂੰ ਹੁਲਾਰਾ ਦਿੰਦਿਆਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਬੁਲੰਦੀਆਂ ਨੂੰ ਛੋਹਣ ਦੇ ਯਤਨ ਕਰਨ ਅਤੇ ਆਉਣ ਵਾਲੀਆਂ ਪੀੜੀਆਂ ਲਈ ਸ਼ਾਨਦਾਰ ਮਿਸਾਲ ਬਨਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜੋ ਨਸ਼ਿਆਂ ਵਿਰੁੱਧ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਇਸ ਸਮਾਜਿਕ ਅਲਾਮਤ ਨੂੰ ਜੜੋਂ ਖਤਮ ਕੀਤਾ ਜਾ ਸਕੇ।
ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਅਤੇ ਨਸ਼ਿਆਂ ਸਬੰਧੀ ਅਹਿਮ ਜਾਣਕਾਰੀਆਂ ਦੇਣ ਲਈ ਪਿੰਡ ਅਤੇ ਸ਼ਹਿਰ ਪੱਧਰ ’ਤੇ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਕਮੇਟੀਆਂ ਦੇ ਐਂਟੀ ਡਰੱਗ ਵਲੰਟੀਅਰਾਂ ਵਲੋਂ ਨਸ਼ਿਆਂ ਦੇ ਖਾਤਮੇ ਲਈ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਾ ਪੀੜਤਾਂ ਦੇ ਇਲਾਜ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਨਸ਼ਾ ਮੁਕਤ ਕਰਨ ਲਈ ਹੰਭਲੇ ਮਾਰੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਖੇਡ ਵਿਭਾਗ ਦੇ ਫੁੱਟਬਾਲ ਕੋਚ ਹਰਜੀਤ ਪਾਲ ਸਿੰਘ ਅਤੇ ਅਥਲੈਟਿਕ ਕੋਚ ਮੋਨਿਕਾ ਦੀ ਦੇਖਰੇਖ ਵਿਚ ਕਰਵਾਏ ਫੁੱਟਬਾਲ ਮੈਚ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੂੰਗਰਨੀ ਦੀਆਂ ਟੀਮਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਜਿਸ ਵਿਚ ਸਕੂਲ ਦੀ ਏ ਟੀਮ ਨੇ 3-0 ਦੇ ਫਰਕ ਨਾਲ ਜੇਤੂ ਰਹੀ। ਸਹਾਇਕ ਕਮਿਸ਼ਨਰ ਨੇ ਖਿਡਾਰੀਆਂ ਨੂੰ ਨਸ਼ਿਆਂ ਖਿਲਾਫ਼ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੇ ਪ੍ਰੋਗਰਾਮ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸਕੂਲ ਸਟਾਫ਼ ਆਦਿ ਵੀ ਮੌਜੂਦ ਸੀ।

















