ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿ- ਸਰਟੀਫਿਕੇਟ ਵੰਡ ਸਮਾਗਮ

2

Hoshiarpur 03 Nov 2026 AJ DI Awaaj

Punjab Desk :    ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵੱਲੋਂ ਕਰਵਾਏ ਜਾ ਰਹੇ ਛੇ ਮਹੀਨੇ ਦੇ ਉਰਦੂ ਆਮੋਜ਼ ਕੋਰਸ ਦੇ ਬੈਚ ਜਨਵਰੀ-ਜੂਨ 2026 ਦੇ ਵਿਦਿਆਰਥੀਆਂ ਵਿਚੋਂ ਹੁਸ਼ਿਆਰਪੁਰ ਦੇ ਬਲਵਿੰਦਰ ਸਿੰਘ ਨੇ ਪੰਜਾਬ ‘ਚੋਂ ਦੂਜਾ ਸਥਾਨ ਹਾਸਲ ਕੀਤਾ। ਇਸ ਸਬੰਧੀ ਕਰਵਾਏ ਸਰਟੀਫਿਕੇਟ ਵੰਡ ਸਮਾਗਮ ਦੌਰਾਨ  ਦਫ਼ਤਰ ਭਾਸ਼ਾ ਵਿਭਾਗ ਵਿਖੇ ਆਈਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਸ਼ਬਦ ਆਖਦਿਆਂ ਜ਼ਿਲ੍ਹਾ ਖੋਜ ਅਫ਼ਸਰ ਡਾ ਜਸਵੰਤ ਰਾਏ ਨੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾ ਰਹੇ ਉਰਦੂ ਆਮੋਜ਼ ਕੋਰਸ ਅਤੇ ਭਾਸ਼ਾ ਵਿਭਾਗ ਦੀਆਂ ਬਾਕੀ ਸਾਹਿਤਕ ਅਤੇ ਸਿਰਜਣਾਤਮਕ ਗਤੀਵਿਧੀਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਰਦੂ ਆਮੋਜ਼ ਦਾ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਪ੍ਰਾਚੀਨ ਬਹੁਤ ਖ਼ੂਬਸੂਰਤ ਜ਼ੁਬਾਨ ਹੈ।  ਸਾਡੀ ਪੰਜਾਬੀ ਭਾਸ਼ਾ ਦਾ ਹਾਜ਼ਮਾ ਦਰੁਸਤ ਹੋਣ ਕਰਕੇ ਅਰਬੀ ਫ਼ਾਰਸੀ ਦੇ ਬਹੁਤ ਸਾਰੇ ਸ਼ਬਦਾਂ ਦਾ ਖ਼ਜਾਨਾ ਇਸ ਵਿੱਚ ਰਲ਼ ਗਿਆ ਹੈ। ਇਸ ਨਾਲ ਪੰਜਾਬੀ ਭਾਸ਼ਾ ਦੇ ਸ਼ਬਦ ਭੰਡਾਰ ਵਿੱਚ ਸਿਰਫ਼ ਵਾਧਾ ਹੀ ਨਹੀਂ ਹੋਇਆ ਸਗੋਂ ਇਸ ਜ਼ੁਬਾਨ ਵਿਚ ਰੌਚਕਤਾ ਅਤੇ ਖੂਬਸੂਰਤੀ ਵੀ ਵਧੀ । ਭਾਸ਼ਾ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਉਰਦੂ ਆਮੋਜ਼ ਦਾ ਕੋਰਸ ਪੰਜਾਬੀ ਭਾਸ਼ਾ ਦੇ ਲੰਬੇ ਚੌੜੇ ਇਤਿਹਾਸ ਨੂੰ ਟਟੋਲਣ ਅਤੇ ਖੰਘਾਲਣ ਵਿੱਚ ਹੋਰ ਵਾਧਾ ਕਰੇਗਾ। ਇਸ ਕਰਕੇ ਵੱਧ ਤੋਂ ਵੱਧ ਵਿਦਿਆਰਥੀਆਂ ਅਤੇ ਪਾਠਕਾਂ ਨੂੰ ਇਸ ਕੋਰਸ ਨਾਲ ਜੁੜਨ ਦੀ ਲੋੜ ਹੈ। ਉਨ੍ਹਾਂ ਉਰਦੂ ਆਮੋਜ਼ ਦਾ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕਰਕੇ ਵਧਾਈ ਦਿੱਤੀ। ਇਸ ਸਮੇਂ ਲਾਲ ਸਿੰਘ, ਡਾ. ਬ੍ਰਿਜ ਭੂਸ਼ਨ ਉਰਦੂ ਅਧਿਆਪਕ, ਸੰਜੀਵ ਰਤਨ, ਸੰਦੀਪ ਕੁਮਾਰ, ਗੁਰਬਚਨ ਸਿੰਘ ਸੰਗਰ, ਧਰਮਪਾਲ ਸ਼ਰਮਾ, ਨਿਤੇਸ਼, ਬਲਵਿੰਦਰ ਸਿੰਘ, ਰਾਜ ਕੁਮਾਰ, ਰਾਜ ਕੁਮਾਰ ਸ਼ਰਮਾ, ਸੀਮਾ ਅਤੇ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।