ਚੰਡੀਗੜ੍ਹ ਵਿੱਚ ਜਾਅਲੀ ਵੀਡੀਓ ਮਾਮਲਾ: ਮਧੁ ਕਿਸ਼ਵਰ ਸਮੇਤ ਕਈਆਂ ‘ਤੇ FIR ਦਰਜ

48

ਚੰਡੀਗੜ੍ਹ 21 Apr 2026 AJ DI Awaaj

Chandigarh Desk :  ਸੋਸ਼ਲ ਮੀਡੀਆ ‘ਤੇ ਜਾਅਲੀ ਅਤੇ ਗੁੰਮਰਾਹਕੁੰਨ ਵੀਡੀਓ ਫੈਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਤੇ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਰਾਇਟਰ ਮਧੁ ਕਿਸ਼ਵਰ ਸਮੇਤ ਕਈ ਸੋਸ਼ਲ ਮੀਡੀਆ ਹੈਂਡਲਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਸ਼ਿਕਾਇਤ ਮੁਤਾਬਕ, 19 ਅਪ੍ਰੈਲ 2026 ਨੂੰ ਇੱਕ ਵਿਅਕਤੀ ਨੇ ਦੱਸਿਆ ਕਿ ਝੂਠੀ ਪਛਾਣ ਨਾਲ ਇੱਕ ਵੀਡੀਓ ਵਾਇਰਲ ਕੀਤੀ ਗਈ, ਜਿਸ ਨਾਲ ਅਪਮਾਨਜਨਕ ਅਤੇ ਅਸ਼*ਲੀਲ ਸਮੱਗਰੀ ਜੋੜੀ ਗਈ ਸੀ। ਇਹ ਵੀਡੀਓ ਕਿਸੇ ਵਿਅਕਤੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਅਤੇ ਸਮਾਜ ਵਿੱਚ ਗਲਤ ਧਾਰਣਾ ਬਣਾਉਣ ਲਈ ਜਾਣਬੁੱਝ ਕੇ ਫੈਲਾਈ ਗਈ।

ਪੁਲਿਸ ਜਾਂਚ ਦੌਰਾਨ ਪਤਾ ਲੱਗਾ ਕਿ ਵੀਡੀਓ ਵਿੱਚ ਦਿਖਾਇਆ ਗਿਆ ਵਿਅਕਤੀ ਇੱਕ ਟ੍ਰੈਵਲ ਵਲੌਗਰ ਹੈ ਅਤੇ ਅਸਲ ਵੀਡੀਓ ਉਸਦੀ ਪਤਨੀ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪੋਸਟ ਹੋਈ ਸੀ। ਪਤਨੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਇਸ ਗੱਲ ਦੀ ਪੁਸ਼ਟੀ ਵੀ ਕੀਤੀ।

ਇਸ ਮਾਮਲੇ ਵਿੱਚ ਸੈਕਟਰ-26 ਥਾਣੇ ਵਿੱਚ ਭਾਰਤੀ ਨਿਆਏ ਸੰਹਿਤਾ ਅਤੇ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਇਸ ਮਾਮਲੇ ਦੀ ਡੂੰਘੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ।