ਫ਼ਰੀਦਕੋਟ, 30 ਅਕਤੂਬਰ 2026 AJ DI Awaaj
Punjab Desk : ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧੀਨ ਮੇਰਾ ਯੁਵਾ ਭਾਰਤ (ਮਾਈ ਭਾਰਤ), ਫ਼ਰੀਦਕੋਟ ਵੱਲੋਂ ਅੱਜ ਪੰਜਾਬ ਡਿਗਰੀ ਕਾਲਜ, ਮਹਿਮੂਆਣਾ ਵਿਖੇ ‘ਯੁਵਾ ਸੰਵਾਦ’ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨ ਨਾਗਰਿਕਾਂ ਅਤੇ ਜਨਤਕ ਨੁਮਾਇੰਦਿਆਂ ਨੂੰ ਇੱਕ ਸਾਂਝੇ ਮੰਚ ’ਤੇ ਲਿਆਉਣਾ, ਲੋਕਤੰਤਰੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ, ਸੂਝ-ਬੂਝ ਨਾਲ ਭਾਗੀਦਾਰੀ ਲਈ ਪ੍ਰੇਰਿਤ ਕਰਨਾ ਅਤੇ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਉਜਾਗਰ ਕਰਨਾ ਸੀ।
ਦੇਸ਼ ਭਰ ਦੀਆਂ 500 ਯੂਨੀਵਰਸਿਟੀਆਂ, ਕਾਲਜਾਂ ਅਤੇ ਸੰਸਥਾਵਾਂ ਵਿੱਚ 26 ਅਕਤੂਬਰ ਤੋਂ 5 ਨਵੰਬਰ 2026 ਤੱਕ ਕਰਵਾਈ ਜਾ ਰਹੀ ਦੇਸ਼-ਵਿਆਪੀ ‘ਵਿਕਸਿਤ ਭਾਰਤ ਯੁਵਾ ਸੰਵਾਦ’ ਪਹਿਲਕਦਮੀ ਤਹਿਤ ਕਰਵਾਏ ਗਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਭਾਗ ਲਿਆ।
ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਪ੍ਰੀਤਇੰਦਰ ਕੌਰ ਗੋਂਦਾਰਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਨੂੰ ਸਮਾਜਿਕ ਅਤੇ ਲੋਕਤੰਤਰੀ ਗਤੀਵਿਧੀਆਂ ਨਾਲ ਜੋੜਨ ਲਈ ਬਹੁਤ ਹੀ ਲਾਹੇਵੰਦ ਸਾਬਤ ਹੁੰਦੇ ਹਨ। ਉਨ੍ਹਾਂ ਪ੍ਰੋਗਰਾਮ ਦੇ ਸਫ਼ਲ ਆਯੋਜਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਸਮਾਗਮ ਵਿੱਚ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਅਤੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਯੁਵਾ ਆਈਕਨ ਮਾਸਟਰ ਸੈਯਮ ਮਜ਼ੂਮਦਾਰ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਜ਼ਿਲ੍ਹਾ ਯੁਵਾ ਅਧਿਕਾਰੀ ਸ੍ਰੀਮਤੀ ਵੀਰਦੀਪ ਕੌਰ ਨੇ ਮੁੱਖ ਮਹਿਮਾਨ ਅਤੇ ਯੁਵਾ ਆਈਕਨ ਦਾ ਸਵਾਗਤ ਕੀਤਾ ਅਤੇ ਮਾਈ ਭਾਰਤ ਪੋਰਟਲ ਬਾਰੇ ਸੰਖੇਪ ਜਾਣਕਾਰੀ ਸਾਂਝੀ ਦਿੱਤੀ। ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਅਫ਼ਸਰ ਸ੍ਰੀ ਮਨਜੀਤ ਸਿੰਘ ਭੁੱਲਰ ਨੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਨੌਜਵਾਨਾਂ ਨਾਲ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਕੀਤਾ।
‘ਯੁਵਾ ਸੰਵਾਦ’ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਅਤੇ ਯੁਵਾ ਆਈਕਨ ਵਿਚਕਾਰ ਹੋਈ ਸੰਵਾਦਮਈ ਗੱਲਬਾਤ ਰਹੀ। ਇਸ ਦੌਰਾਨ ਨੌਜਵਾਨਾਂ ਨੂੰ ਆਪਣੇ ਸਵਾਲ ਪੁੱਛਣ, ਵਿਚਾਰ ਸਾਂਝੇ ਕਰਨ ਅਤੇ ਲੋਕਤੰਤਰੀ ਭਾਗੀਦਾਰੀ, ਨਾਗਰਿਕ ਜ਼ਿੰਮੇਵਾਰੀ, ਜਨਤਕ ਲੀਡਰਸ਼ਿਪ ਅਤੇ ਰਾਸ਼ਟਰ ਨਿਰਮਾਣ ਵਰਗੇ ਅਹਿਮ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਿਆ।
ਪ੍ਰੋਗਰਾਮ ਦੌਰਾਨ ਭਾਗੀਦਾਰਾਂ ਨੂੰ ‘ਲੋਕਤੰਤਰੀ ਸਹੁੰ’ ਵੀ ਚੁਕਾਈ ਗਈ, ਜਿਸ ਰਾਹੀਂ ਉਨ੍ਹਾਂ ਨੇ ਲੋਕਤੰਤਰੀ ਕਦਰਾਂ-ਕੀਮਤਾਂ, ਜ਼ਿੰਮੇਵਾਰ ਨਾਗਰਿਕਤਾ ਅਤੇ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਨੌਜਵਾਨਾਂ ਨੂੰ ਆਪਣੀ ਆਵਾਜ਼ ਦੀ ਮਹੱਤਤਾ ਸਮਝਾਉਣਾ ਅਤੇ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਮਜ਼ਬੂਤ ਬਣਾਉਣ ਵਿੱਚ ਆਪਣੀ ਭੂਮਿਕਾ ਪਛਾਣਨ ਲਈ ਪ੍ਰੇਰਿਤ ਕਰਨਾ ਸੀ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਲੋਕਤੰਤਰੀ ਸੰਸਥਾਵਾਂ ਨਾਲ ਜੋੜਨ ਲਈ ਅਜਿਹੇ ਉਪਰਾਲੇ ਬਹੁਤ ਮਹੱਤਵਪੂਰਨ ਹਨ। ‘ਯੁਵਾ ਸੰਵਾਦ’ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਤਰੱਕੀ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਾ ਹੈ। ਇਹ ਪਹਿਲਕਦਮੀ ‘ਵਿਕਸਿਤ ਭਾਰਤ @2047’ ਦੇ ਟੀਚੇ ਦੀ ਪ੍ਰਾਪਤੀ ਲਈ ਨੌਜਵਾਨਾਂ ਦੇ ਵਿਚਾਰਾਂ, ਇੱਛਾਵਾਂ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਸਾਰਥਕ ਯੋਗਦਾਨ ਵਿੱਚ ਬਦਲਣ ਦਾ ਉਪਰਾਲਾ ਹੈ।
ਸਮਾਗਮ ਦੇ ਅੰਤ ਵਿੱਚ ਕਾਲਜ ਦੀ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੋਫੈਸਰ ਹਰਵਿੰਦਰ ਪਾਲ ਸਿੰਘ, ਪ੍ਰੋਫੈਸਰ ਗੁਰਵਿੰਦਰ ਸਿੰਘ, ਪ੍ਰੋਫੈਸਰ ਮਨਪ੍ਰੀਤ ਕੌਰ (ਪ੍ਰੀਤ), ਪ੍ਰੋਫੈਸਰ ਜੁਗਰਾਜ ਸਿੰਘ ਸਮੇਤ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।



















