ਅਕਤੂਬਰ ਮਹੀਨੇ ਦੌਰਾਨ ਟਿਕਟ ਚੈਕਿੰਗ ਮੁਹਿੰਮ ਰਾਹੀਂ 2.82 ਕਰੋੜ ਰੁਪਏ ਦਾ ਰਿਵੈਨਿਊ ਇਕੱਠਾ ਕੀਤਾ ਗਿਆ।

6

3November 2025 Aj Di Awaaj

Punjab Desk ਫਿਰੋਜ਼ਪੁਰ ਮੰਡਲ ਦੇ ਟਿਕਟ ਚੈਕਿੰਗ ਅਧਿਕਾਰੀਆਂ ਵੱਲੋਂ ਟਰੇਨਾਂ ਵਿੱਚ ਬਿਨਾ ਟਿਕਟ ਜਾਂ ਅਨਿਯਮਿਤ ਯਾਤਰਾ ਕਰ ਰਹੇ ਯਾਤਰੀਆਂ ’ਤੇ ਨਿਗਰਾਨੀ ਤੇਜ਼ ਕੀਤੀ ਗਈ ਹੈ। ਅਕਤੂਬਰ 2025 ਦੌਰਾਨ ਮੰਡਲ ਦੇ ਟਿਕਟ ਚੈਕਿੰਗ ਸਟਾਫ ਅਤੇ ਮੁੱਖ ਟਿਕਟ ਇੰਸਪੈਕਟਰਾਂ ਨੇ ਟਰੇਨਾਂ ਵਿੱਚ ਚੈਕਿੰਗ ਦੌਰਾਨ 41,387 ਯਾਤਰੀ ਬਿਨਾ ਟਿਕਟ ਜਾਂ ਗਲਤ ਟਿਕਟ ਨਾਲ ਸਫ਼ਰ ਕਰਦੇ ਹੋਏ ਫੜੇ। ਉਨ੍ਹਾਂ ਤੋਂ ਜੁਰਮਾਨੇ ਵਜੋਂ ਲਗਭਗ 2.82 ਕਰੋੜ ਰੁਪਏ ਦਾ ਮਾਲੀਆ ਵਸੂਲ ਕੀਤਾ ਗਿਆ।

ਇਹ ਮਾਲੀਆ ਪਿਛਲੇ ਸਾਲ ਦੇ ਮੁਕਾਬਲੇ 39 ਪ੍ਰਤੀਸ਼ਤ ਵੱਧ ਹੈ ਅਤੇ ਨਵੀਂ ਦਿੱਲੀ ਮੁੱਖ ਦਫ਼ਤਰ ਵੱਲੋਂ ਨਿਰਧਾਰਤ ਟੀਚੇ ਤੋਂ 11 ਪ੍ਰਤੀਸ਼ਤ ਜ਼ਿਆਦਾ ਹੈ। ਮੰਡਲ ਵੱਲੋਂ ਸਟੇਸ਼ਨਾਂ ਨੂੰ ਸਾਫ਼-ਸੁਥਰਾ ਬਣਾਈ ਰੱਖਣ ਅਤੇ ਯਾਤਰੀਆਂ ਨੂੰ ਗੰਦਗੀ ਫੈਲਾਉਣ ਤੋਂ ਰੋਕਣ ਲਈ ਨਿਯਮਤ ਜਾਂਚਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ, ਅਕਤੂਬਰ ਮਹੀਨੇ ਵਿੱਚ ਸਟੇਸ਼ਨ ਅੰਦਰ ਗੰਦਗੀ ਕਰਨ ਵਾਲੇ 461 ਯਾਤਰੀਆਂ ਤੋਂ 80 ਹਜ਼ਾਰ ਰੁਪਏ ਤੋਂ ਵੱਧ ਜੁਰਮਾਨਾ ਵਸੂਲਿਆ ਗਿਆ।

ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਟਿਕਟ ਚੈਕਿੰਗ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ। ਇਸਦਾ ਮਕਸਦ ਯਾਤਰੀਆਂ ਨੂੰ ਬਿਨਾ ਟਿਕਟ ਯਾਤਰਾ ਤੋਂ ਰੋਕਣਾ ਤੇ ਰੇਲਵੇ ਟਿਕਟਾਂ ਦੀ ਵਿਕਰੀ ਵਿੱਚ ਸੁਧਾਰ ਲਿਆਉਣਾ ਹੈ।
ਸੀਨੀਅਰ ਮੰਡਲ ਵਣਜ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਇਹ ਪ੍ਰਾਪਤੀ ਸਟਾਫ ਦੀ ਮਹਿਨਤ ਅਤੇ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਯਾਤਰੀਆਂ ਨੂੰ ਨਿਯਮਾਂ ਦੀ ਪਾਲਣਾ ਲਈ ਜਾਗਰੂਕ ਕਰਨ ਅਤੇ ਅਨਿਯਮਿਤ ਯਾਤਰਾ ਜਾਂ ਗੰਦਗੀ ਫੈਲਾਉਣ ਤੋਂ ਰੋਕਣ ਲਈ ਮੁਹਿੰਮਾਂ ਅਗੇ ਵੀ ਚਲਦੀਆਂ ਰਹਿਣਗੀਆਂ।