ਤਰਨ ਤਾਰਨ, 03 ਨਵੰਬਰ 2025 AJ DI Awaaj
Punjab Desk : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਉਪ ਚੋਣ ਵਿਚ ਵਰਤੀਆਂ ਜਾਣ ਵਾਲੀਆਂ ਇਲੈੱਕਟਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ) ਦੀ ਕਮਿਸ਼ਨਿੰਗ ਅੱਜ ਜਨਰਲ ਅਬਜ਼ਰਵਰ ਸ੍ਰੀਮਤੀ ਪੁਸ਼ਪਾ ਸਤਿਆਨੀ, ਆਈ.ਏ.ਐੱਸ. ਦੀ ਹਾਜ਼ਰੀ ਵਿੱਚ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੇ ਰਿਟਰਨਿੰਗ ਅਫ਼ਸਰ ਸ੍ਰੀ ਗੁਰਮੀਤ ਸਿੰਘ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਇਲੈੱਕਟਰਾਨਿਕ ਵੋਟਿੰਗ ਮਸ਼ੀਨਾਂ ਦੀ ਕਮਿਸ਼ਨਿੰਗ ਕਰਨ ਲਈ ਅੱਜ ਸਭ ਤੋਂ ਪਹਿਲਾਂ ਜਨਰਲ ਅਬਜ਼ਰਵਰ ਦੀ ਹਾਜ਼ਰੀ ਵਿੱਚ ਸਟਰਾਂਗ ਰੂਮ ਖੋਲ੍ਹਿਆ ਗਿਆ ਅਤੇ ਈ.ਵੀ.ਐੱਮ. ਮਸ਼ੀਨਾਂ ਦੀ ਪੋਲਿੰਗ ਬੂਥ ਵਾਈਜ਼ ਤਿਆਰੀ (ਕਮਿਸ਼ਨਿੰਗ) ਸ਼ੁਰੂ ਕੀਤੀ ਗਈ। ਇਹ ਸਾਰੀ ਪ੍ਰੀਕ੍ਰਿਆ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਕੀਤੀ ਗਈ।
ਈ.ਵੀ.ਐੱਮ. ਦੀ ਕਮਿਸ਼ਨਿੰਗ ਸਬੰਧੀ ਜਾਣਕਾਰੀ ਦਿਦਿੰਆਂ ਰਿਟਰਨਿੰਗ ਅਫ਼ਸਰ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਤਰਨ ਤਾਰਨ ਵਿਚ ਕੁੱਲ 222 ਪੋਲਿੰਗ ਸਟੇਸ਼ਨ ਹਨ ਅਤੇ ਹਲਕੇ ਦੇ ਪੋਲਿੰਗ ਬੂਥਾਂ ਦੀ ਗਿਣਤੀ ਤੋਂ 120 ਫ਼ੀਸਦੀ ਬੈਲਟ ਯੂਨਿਟ (ਬੀਯੂ) ਅਤੇ ਕੰਟਰੋਲ ਯੂਨਿਟ (ਸੀਯੂ) ਅਤੇ 130 ਫ਼ੀਸਦੀ ਵੀਵੀਪੈਟ ਮਸ਼ੀਨਾਂ ਦਿੱਤੀਆਂ ਗਈਆਂ ਹਨ ਤਾਂ ਜੋ ਉਨ੍ਹਾਂ ਕੋਲ ਕਿਸੇ ਮਸ਼ੀਨ ਦੇ ਖ਼ਰਾਬ ਹੋਣ ’ਤੇ ਰਾਖਵਾਂ ਕੋਟਾ ਮੌਜੂਦ ਹੋਵੇ। ਉਨ੍ਹਾਂ ਕਿਹਾ ਕਿ ਅੱਜ ਦੀ ਕਮਿਸ਼ਨਿੰਗ ਦੌਰਾਨ ਇਲੈੱਕਟਰਾਨਿਕ ਵੋਟਿੰਗ ਮਸ਼ੀਨਾਂ ਨੂੰ ਪੋਲਿੰਗ ਬੂਥ ਅਲਾਟ ਕਰ ਦਿੱਤੇ ਗਏ ਹਨ ਅਤੇ ਈ.ਵੀ.ਐੱਮ. ਨੂੰ ਵਾਪਸ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਸਟਰਾਂਗ ਰੂਮ ਵਿੱਚ ਰੱਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ਮਸ਼ੀਨਾਂ ਦੀ ਕਮੀਸ਼ਨਿੰਗ ਭਲਕੇ ਮੁਕੰਮਲ ਹੋ ਜਾਵੇਗੀ।














