ਬੈਡਮਿੰਟਨ (ਲੜਕੀਆਂ) ਮੁਕਾਬਲੇ ਐਲ.ਬੀ.ਐਸ. ਕਾਲਜ ਬਰਨਾਲਾ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ

4

ਬਰਨਾਲਾ, 20 ਨਵੰਬਰ 2026 AJ DI Awaaj

Punjab Desk :  ‘ਖੇਡਾਂ ਵਤਨ ਪੰਜਾਬ ਦੀਆਂ 2026’ ਤਹਿਤ ਬੈਡਮਿੰਟਨ (ਲੜਕੀਆਂ) ਦੇ ਮੁਕਾਬਲੇ ਬੀਤੇ ਦਿਨੀਂ ਐਲ.ਬੀ.ਐਸ. ਕਾਲਜ ਬਰਨਾਲਾ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਏ।
17 ਨਵੰਬਰ ਤੋਂ ਸ਼ੁਰੂ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੀਆਂ ਖਿਡਾਰਨਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਨ੍ਹਾਂ ਮੁਕਾਬਲਿਆਂ ਦੇ ਵੱਖ-ਵੱਖ ਉਮਰ ਵਰਗਾਂ ਦੇ ਨਤੀਜਿਆਂ ਤਹਿਤ ਅੰਡਰ-14 ਵਰਗ ਵਿੱਚ ਮੋਗਾ ਨੇ ਪਹਿਲਾ ਅਤੇ ਦੂਜਾ ਦੋਵੇਂ ਸਥਾਨ ਹਾਸਲ ਕੀਤੇ, ਜਦਕਿ ਅੰਮ੍ਰਿਤਸਰ ਅਤੇ ਫ਼ਾਜ਼ਿਲਕਾ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਰਹੇ। ਅੰਡਰ-17 ਵਰਗ ਵਿੱਚ ਜਲੰਧਰ ਨੇ ਪਹਿਲਾ, ਹੁਸ਼ਿਆਰਪੁਰ ਨੇ ਦੂਜਾ ਅਤੇ ਗੁਰਦਾਸਪੁਰ ਤੇ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-21 ਵਰਗ ਵਿੱਚ ਜਲੰਧਰ ਪਹਿਲੇ, ਫ਼ਾਜ਼ਿਲਕਾ ਦੂਜੇ ਅਤੇ ਸੰਗਰੂਰ ਤੇ ਹੁਸ਼ਿਆਰਪੁਰ ਤੀਜੇ ਸਥਾਨ ‘ਤੇ ਰਹੇ, ਜਦਕਿ 21 ਤੋਂ 30 ਸਾਲ ਉਮਰ ਵਰਗ ਵਿੱਚ ਜਲੰਧਰ ਨੇ ਪਹਿਲਾ, ਮੋਹਾਲੀ ਨੇ ਦੂਜਾ ਅਤੇ ਐਸ.ਬੀ.ਐਸ. ਨਗਰ ਤੇ ਫ਼ਤਹਿਗੜ੍ਹ ਸਾਹਿਬ ਨੇ ਤੀਜਾ ਸਥਾਨ ਆਪਣੇ ਨਾਮ ਕੀਤਾ।
ਸਮਾਪਤੀ ਸਮਾਰੋਹ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਇਸ਼ਵਿੰਦਰ ਸਿੰਘ ਜੰਡੂ, ਸ੍ਰੀ ਮੋਹਿਤ ਗਰਗ, ਡਾ. ਅੰਕੁਸ਼ ਜਿੰਦਲ (ਬੱਚਿਆਂ ਦੇ ਮਾਹਿਰ), ਡੀ.ਐੱਸ.ਓ. ਰੁਪੇਸ਼ ਬੇਗੜਾ, ਕਨਵੀਨਰ ਵਰੁਣ (ਬੈਡਮਿੰਟਨ ਕੋਚ), ਕੋ-ਕਨਵੀਨਰ ਸ਼ਹਿਨਾਜ਼, ਜਸਵੰਤ ਸਿੰਘ (ਬੈਡਮਿੰਟਨ ਕੋਚ, ਬਰਨਾਲਾ), ਬਰਿੰਦਰਜੀਤ ਕੌਰ (ਟੇਬਲ ਟੈਨਿਸ ਕੋਚ) ਅਤੇ ਐਲ.ਬੀ.ਐਸ. ਕਾਲਜ ਬਰਨਾਲਾ ਦੇ ਪ੍ਰਿੰਸੀਪਲ ਡਾ. ਸੁਸ਼ੀਲ ਬਾਲਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਮਹਿਮਾਨਾਂ ਵੱਲੋਂ ਜੇਤੂ ਖਿਡਾਰਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਮਹਿਮਾਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਨੌਜਵਾਨ ਪੀੜ੍ਹੀ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਅਨੁਸ਼ਾਸਨ, ਆਪਸੀ ਭਾਈਚਾਰੇ ਅਤੇ ਖੇਡ ਭਾਵਨਾ ਨੂੰ ਵੀ ਉਤਸ਼ਾਹਿਤ ਕਰਦੀਆਂ ਹਨ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਮੁਕਾਬਲਿਆਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਮੂਹ ਮਹਿਮਾਨਾਂ, ਕੋਚਾਂ, ਅਧਿਕਾਰੀਆਂ ਅਤੇ ਖਿਡਾਰਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।