ਸ੍ਰੀ ਮੁਕਤਸਰ ਸਾਹਿਬ, 20 ਨਵੰਬਰ 2026 AJ DI Awaaj
Punjab Desk : ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ, ਸ੍ਰੀ ਮੁਕਤਸਰ ਸਾਹਿਬ ਦੇ ਮੈਂਬਰਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿੱਚ ਬਾਲ ਅਤੇ ਕਿਸ਼ੋਰ ਮਜ਼ਦੂਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਅਚਨਚੇਤ ਛਾਪੇਮਾਰੀ ਕਰਕੇ 18 ਸਾਲ ਤੋਂ ਘੱਟ ਉਮਰ ਦੇ ਬਾਲ ਅਤੇ ਕਿਸ਼ੋਰ ਕਿਰਤੀਆਂ ਸਬੰਧੀ ਜਾਂਚ ਕੀਤੀ ਗਈ। ਇਹ ਕਾਰਵਾਈ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਅਤੇ ਕਿਰਤ ਤੇ ਸੁਲਾਹ ਅਫ਼ਸਰ ਸ੍ਰੀ ਗੁਰਪ੍ਰੀਤ ਸਿੰਘ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ।
ਛਾਪੇਮਾਰੀ ਦੌਰਾਨ ਸਬੰਧਤ ਦੁਕਾਨਦਾਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਚੇਤਾਵਨੀ ਦਿੱਤੀ ਗਈ ਕਿ ਭਵਿੱਖ ਵਿੱਚ ਕਿਸੇ ਵੀ ਬੱਚੇ ਜਾਂ ਕਿਸ਼ੋਰ ਨੂੰ ਕਾਨੂੰਨ ਦੇ ਉਲਟ ਕੰਮ ’ਤੇ ਨਾ ਰੱਖਿਆ ਜਾਵੇ ਅਤੇ ਖ਼ਾਸ ਤੌਰ ’ਤੇ ਖ਼ਤਰਨਾਕ ਅਦਾਰਿਆਂ ਵਿੱਚ ਬਾਲ ਅਤੇ ਕਿਸ਼ੋਰ ਕਿਰਤੀਆਂ ਤੋਂ ਕੰਮ ਨਾ ਕਰਵਾਇਆ ਜਾਵੇ।
ਇਸ ਮੌਕੇ ਕਿਰਤ ਇੰਸਪੈਕਟਰ ਸ੍ਰੀ ਟਿੰਕੂ ਜੈਨ ਨੇ ਬਾਲ ਅਤੇ ਕਿਸ਼ੋਰ ਮਜ਼ਦੂਰੀ (ਪਾਬੰਦੀ ਅਤੇ ਨਿਯਮ) ਸੋਧ ਐਕਟ, 2016 ਤਹਿਤ ਲਗਾਈਆਂ ਗਈਆਂ ਪਾਬੰਦੀਆਂ, ਸਜ਼ਾਵਾਂ ਅਤੇ ਜੁਰਮਾਨਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਹੱਥਾਂ ਵਿੱਚ ਕਿਤਾਬਾਂ ਚੰਗੀਆਂ ਲੱਗਦੀਆਂ ਹਨ, ਔਜ਼ਾਰ ਨਹੀਂ ਅਤੇ ਉਨ੍ਹਾਂ ਦੇ ਮੋਢਿਆਂ ’ਤੇ ਸਕੂਲ ਦਾ ਬਸਤਾ ਸੋਹਣਾ ਲੱਗਦਾ ਹੈ, ਜ਼ਿੰਮੇਵਾਰੀਆਂ ਦਾ ਬੋਝ ਨਹੀਂ।
ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰੀ ਸਿਰਫ਼ ਇੱਕ ਸਮਾਜਿਕ ਬੁਰਾਈ ਨਹੀਂ, ਸਗੋਂ ਬੱਚਿਆਂ ਦੇ ਬਚਪਨ, ਸੁਪਨਿਆਂ ਅਤੇ ਭਵਿੱਖ ਨਾਲ ਹੋਣ ਵਾਲਾ ਅਨਿਆਂ ਹੈ। ਹਰ ਬੱਚੇ ਨੂੰ ਸਿੱਖਿਆ ਪ੍ਰਾਪਤ ਕਰਨ, ਖੇਡਣ ਅਤੇ ਆਪਣੇ ਸੁਪਨੇ ਪੂਰੇ ਕਰਨ ਦਾ ਅਧਿਕਾਰ ਹੈ। ਗਰੀਬੀ ਜਾਂ ਮਜਬੂਰੀ ਦੇ ਨਾਂ ’ਤੇ ਕਿਸੇ ਵੀ ਬੱਚੇ ਤੋਂ ਉਸ ਦਾ ਬਚਪਨ ਖੋਹਣਾ ਜਾਇਜ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਜੇਕਰ ਅਸੀਂ ਉਨ੍ਹਾਂ ਦੇ ਹੱਥਾਂ ਵਿੱਚ ਕਲਮ ਦੀ ਬਜਾਏ ਮਜ਼ਦੂਰੀ ਦੇ ਔਜ਼ਾਰ ਦੇਵਾਂਗੇ ਤਾਂ ਇੱਕ ਬਿਹਤਰ ਸਮਾਜ ਦੀ ਨੀਂਹ ਨਹੀਂ ਰੱਖ ਸਕਾਂਗੇ। ਉਨ੍ਹਾਂ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਬਾਲ ਮਜ਼ਦੂਰੀ ਨੂੰ ਰੋਕਣ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣ।
ਇਸ ਮੌਕੇ ਸਿਹਤ ਵਿਭਾਗ ਤੋਂ ਡਾ. ਯਸ਼ਪਾਲ, ਪੁਲਿਸ ਵਿਭਾਗ ਤੋਂ ਏ.ਐੱਸ.ਆਈ. ਸੁਖਦੇਵ ਸਿੰਘ ਅਤੇ ਏ.ਐੱਸ.ਆਈ. ਗੁਰਜੰਟ ਸਿੰਘ, ਸਿੱਖਿਆ ਵਿਭਾਗ ਤੋਂ ਸ੍ਰੀ ਸੰਦੀਪ ਸਿੰਘ ਅਤੇ ਕਿਰਤ ਵਿਭਾਗ ਤੋਂ ਸ੍ਰੀ ਸਵਰਨਜੀਤ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।



















