ਮਾਲੇਰਕੋਟਲਾ, 3 ਨਵੰਬਰ 2026 AJ DI Awaaj
Punjab Desk : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡ ਸੱਭਿਆਚਾਰ ਨਾਲ ਜੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਪੱਖੋਂ ਸੰਵੇਦਨਸ਼ੀਲ ਖੇਤਰਾਂ ਦੀ ਨੁਹਾਰ ਬਦਲਣ ਦੇ ਉਪਰਾਲੇ ਜਾਰੀ ਹਨ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਿੰਡ ਖਾਨਪੁਰ ਦੀ ਜਲ ਸਪਲਾਈ ਸਕੀਮ ਦੇ ਇੱਕ ਹਿੱਸੇ ਨੂੰ ਵਾਲੀਬਾਲ ਮੈਦਾਨ ਵਿੱਚ ਤਬਦੀਲ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਇੰਜ. ਆਦਰਸ਼ ਨਿਰਮਲ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਮਕਸਦ ਸਰਕਾਰੀ ਥਾਵਾਂ ਦੀ ਸੁਚੱਜੀ ਵਰਤੋਂ ਕਰਦਿਆਂ ਨੌਜਵਾਨਾਂ ਨੂੰ ਸਿਹਤਮੰਦ ਅਤੇ ਉਸਾਰੂ ਗਤੀਵਿਧੀਆਂ ਲਈ ਢੁਕਵਾਂ ਮਾਹੌਲ ਮੁਹੱਈਆ ਕਰਵਾਉਣਾ ਹੈ।
ਉਨ੍ਹਾਂ ਕਿਹਾ ਕਿ ਜਿਸ ਧਰਤੀ ’ਤੇ ਕਦੇ ਅਣਗਹਿਲੀ ਕਾਰਨ ਸੁੰਨਾਪਣ ਹੁੰਦਾ ਹੈ, ਉੱਥੇ ਖੇਡਦੇ ਨੌਜਵਾਨਾਂ ਦੀਆਂ ਆਵਾਜ਼ਾਂ ਸਮਾਜਿਕ ਤਬਦੀਲੀ ਦਾ ਸੁਨੇਹਾ ਬਣ ਸਕਦੀਆਂ ਹਨ। ਖੇਡ ਮੈਦਾਨ ਨੌਜਵਾਨਾਂ ਵਿੱਚ ਅਨੁਸ਼ਾਸਨ, ਆਪਸੀ ਸਾਂਝ, ਆਤਮ-ਵਿਸ਼ਵਾਸ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦਾ ਮਹੱਤਵਪੂਰਨ ਸਾਧਨ ਹਨ।
ਇੰਜ. ਨਿਰਮਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗ ਆਪਸੀ ਤਾਲਮੇਲ ਨਾਲ ਸੰਵੇਦਨਸ਼ੀਲ ਥਾਵਾਂ ਨੂੰ ਲੋਕ-ਹਿੱਤ ਵਾਲੀਆਂ ਸਰਗਰਮੀਆਂ ਲਈ ਵਿਕਸਤ ਕਰਨ ਵੱਲ ਯਤਨਸ਼ੀਲ ਹਨ। ਉਨ੍ਹਾਂ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੈਦਾਨ ਦੀ ਸੰਭਾਲ ਨੂੰ ਆਪਣੀ ਸਾਂਝੀ ਜ਼ਿੰਮੇਵਾਰੀ ਸਮਝਣ ਅਤੇ ਨਸ਼ਾ ਮੁਕਤ ਮਾਲੇਰਕੋਟਲਾ ਦੀ ਸਿਰਜਣਾ ਵਿੱਚ ਸਰਗਰਮ ਭੂਮਿਕਾ ਨਿਭਾਉਣ।
ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਬਚਦੀ ਹਰ ਜਵਾਨੀ ਅਤੇ ਖੇਡ ਮੈਦਾਨ ਵੱਲ ਵਧਦਾ ਹਰ ਕਦਮ ਸਿਹਤਮੰਦ ਸਮਾਜ ਦੀ ਨੀਂਹ ਮਜ਼ਬੂਤ ਕਰਦਾ ਹੈ।

















