ਬਰਨਾਲਾ ਵਿੱਚ ਗਣਨਾ ਫਾਰਮਾਂ ਦੀ ਡਿਜੀਟਾਈਜ਼ੇਸ਼ਨ 100 ਫੀਸਦੀ

3
ਬਰਨਾਲਾ, 29 ਜੁਲਾਈ 2026 AJ DI Awaaj
Punjab Desk :     ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਵਿੱਚ ਚਲਾਈ ਜਾ ਰਹੀ ਵਿਸ਼ੇਸ਼ ਗਹਿਰੀ ਸੁਧਾਰ ਮੁਹਿੰਮ (SIR) ਤਹਿਤ ਗਣਨਾ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਦਾ ਕੰਮ ਹੁਣ 100 ਫੀਸਦੀ ਮੁਕੰਮਲ ਕਰ ਲਿਆ ਗਿਆ ਹੈ। ਇਸ ਨਾਲ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ 102-ਭਦੌੜ, 103-ਬਰਨਾਲਾ ਅਤੇ 104-ਮਹਿਲ ਕਲਾਂ ਵਿੱਚ ਗਣਨਾ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਸਫ਼ਲਤਾਪੂਰਵਕ ਪੂਰੀ ਹੋ ਗਈ ਹੈ।
  ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਵਿਧਾਨ ਸਭਾ ਹਲਕਾ 102-ਭਦੌੜ ਅਤੇ 104-ਮਹਿਲ ਕਲਾਂ ਨੇ ਆਪਣੇ ਸਾਰੇ ਬੂਥਾਂ ‘ਤੇ 100 ਫੀਸਦੀ ਡਿਜੀਟਾਈਜ਼ੇਸ਼ਨ ਦਾ ਟੀਚਾ ਹਾਸਲ ਕਰ ਲਿਆ ਸੀ। ਹੁਣ 103-ਬਰਨਾਲਾ ਹਲਕੇ ਵੱਲੋਂ ਵੀ ਬਾਕੀ ਰਹਿੰਦਾ ਕੰਮ ਪੂਰਾ ਕਰ ਲੈਣ ਨਾਲ ਪੂਰੇ ਜ਼ਿਲ੍ਹੇ ਦੇ ਤਿੰਨਾਂ ਹੀ ਹਲਕਿਆਂ ਵਿੱਚ ਗਣਨਾ ਫਾਰਮਾਂ ਦੀ 100 ਫੀਸਦੀ ਡਿਜੀਟਾਈਜ਼ੇਸ਼ਨ ਹੋ ਗਈ ਹੈ।
 ਉਨ੍ਹਾਂ ਇਸ ਉਪਲਬਧੀ ਲਈ ਸਮੂਹ ਚੋਣ ਅਮਲੇ, ਈ.ਆਰ.ਓਜ਼., ਏ.ਈ.ਆਰ.ਓਜ਼., ਸੁਪਰਵਾਈਜ਼ਰਾਂ ਅਤੇ ਬੂਥ ਲੈਵਲ ਅਫ਼ਸਰਾਂ (BLOs) ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ, ਟੀਮ ਵਰਕ ਤੇ ਵਚਨਬੱਧਤਾ ਸਦਕਾ ਜ਼ਿਲ੍ਹਾ ਬਰਨਾਲਾ ਨੇ ਇਹ ਮਹੱਤਵਪੂਰਨ ਕਾਰਜ ਕੀਤਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਡ੍ਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ 13 ਅਗਸਤ 2026 ਨੂੰ ਹੋਵੇਗੀ। 13 ਅਗਸਤ 2026 ਤੋਂ 12 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਲਏ ਜਾਣਗੇ, ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ 13 ਅਗਸਤ 2026 ਤੋਂ 8 ਅਕਤੂਬਰ 2026 ਤੱਕ ਅਤੇ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ ਹੁਣ 12 ਅਕਤੂਬਰ 2026 ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਬਾਰੇ ਕਿਸੇ ਵੀ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਨਾਗਰਿਕ, ਚੋਣ ਕਮਿਸ਼ਨ ਦੇ ਟੌਲ ਫਰੀ ਨੰਬਰ 1950 ‘ਤੇ ਸੰਪਰਕ ਕਰ ਸਕਦੇ ਹਨ।