ਪੰਜਾਬ ਵਿੱਚ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਬਿਜਲੀ ਵਰਤਣ ਵਾਲਿਆਂ ‘ਤੇ PSPCL ਦੀ ਸਖ਼ਤੀ

27
ਪੰਜਾਬ 08 May 2026 AJ DI Awaaj

Punjab Desk :  ਪੰਜਾਬ ਵਿੱਚ ਵੱਧ ਰਹੀ ਬਿਜਲੀ ਮੰਗ ਨੂੰ ਦੇਖਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਬਿਜਲੀ ਵਰਤਣ ਵਾਲੇ ਖਪਤਕਾਰਾਂ ਖ਼ਿਲਾਫ਼ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਨਵੇਂ ਨਿਯਮਾਂ ਅਨੁਸਾਰ, ਜੇ ਕੋਈ ਖਪਤਕਾਰ ਆਪਣੇ ਮਨਜ਼ੂਰਸ਼ੁਦਾ ਲੋਡ ਤੋਂ 10 ਫੀਸਦੀ ਤੋਂ ਵੱਧ ਬਿਜਲੀ ਦੀ ਵਰਤੋਂ ਕਰਦਾ ਹੈ, ਤਾਂ ਉਸਨੂੰ 7 ਦਿਨਾਂ ਅੰਦਰ ਨੋਟਿਸ ਜਾਰੀ ਕੀਤਾ ਜਾਵੇਗਾ।

ਜੇ ਨੋਟਿਸ ਮਿਲਣ ਤੋਂ ਬਾਅਦ ਵੀ ਖਪਤਕਾਰ ਵਾਧੂ ਲੋਡ ਦੀ ਵਰਤੋਂ ਜਾਰੀ ਰੱਖਦਾ ਹੈ, ਤਾਂ ਉਸ ‘ਤੇ ਜੁਰਮਾਨਾ ਅਤੇ ਹੋਰ ਚਾਰਜ ਲਗਾਏ ਜਾਣਗੇ। ਤੀਜੀ ਵਾਰ ਉਲੰਘਣਾ ਕਰਨ ‘ਤੇ PSPCL ਵੱਲੋਂ ‘ਅਣਅਧਿਕਾਰਤ ਬਿਜਲੀ ਵਰਤੋਂ’ (UUE) ਦਾ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

PSPCL ਨੇ ਆਪਣੇ ਸਪਲਾਈ ਕੋਡ-2024 ਵਿੱਚ ਸੋਧ ਕਰਦਿਆਂ ਸਾਰੇ ਅਧਿਕਾਰੀਆਂ ਨੂੰ ਇਹ ਨਿਯਮ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਹੁਣ ਡਿਜੀਟਲ ਕਰ ਦਿੱਤੀ ਗਈ ਹੈ, ਤਾਂ ਜੋ ਨਿਯਮ ਤੋੜਨ ਵਾਲਿਆਂ ‘ਤੇ ਤੁਰੰਤ ਕਾਰਵਾਈ ਹੋ ਸਕੇ।

ਨਵੇਂ ਨਿਯਮ ਕਿਵੇਂ ਲਾਗੂ ਹੋਣਗੇ?

  • ਪਹਿਲੀ ਉਲੰਘਣਾ: ਖਪਤਕਾਰ ਨੂੰ ਲਿਖਤੀ ਚੇਤਾਵਨੀ ਅਤੇ ਡਿਮਾਂਡ ਸਰਚਾਰਜ ਭਰਨਾ ਪਵੇਗਾ।
  • ਦੂਜੀ ਉਲੰਘਣਾ: ਵਾਧੂ ਬਿਜਲੀ ਵਰਤੋਂ ਅਨੁਸਾਰ ਜੁਰਮਾਨਾ ਲੱਗੇਗਾ।
  • ਤੀਜੀ ਉਲੰਘਣਾ: UUE ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਅਤੇ ਵੱਡਾ ਜੁਰਮਾਨਾ ਲਾਇਆ ਜਾਵੇਗਾ।

PSPCL ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇ ਅਧਿਕਾਰੀ ਨੋਟਿਸ ਜਾਰੀ ਕਰਨ ਵਿੱਚ ਲਾਪਰਵਾਹੀ ਕਰਦੇ ਹਨ, ਤਾਂ ਉਨ੍ਹਾਂ ਖ਼ਿਲਾਫ਼ ਵੀ ਅਨੁਸ਼ਾਸਨੀ ਕਾਰਵਾਈ ਹੋਵੇਗੀ।

ਮਾਹਰਾਂ ਅਨੁਸਾਰ, ਪੁਰਾਣੇ ਮੀਟਰਾਂ ਵਾਲੇ ਘਰਾਂ ਦੀ ਬਿਜਲੀ ਖਪਤ ‘ਤੇ ਖਾਸ ਨਿਗਰਾਨੀ ਰੱਖੀ ਜਾ ਰਹੀ ਹੈ। ਜੇ ਖਪਤ ਮਨਜ਼ੂਰਸ਼ੁਦਾ ਲੋਡ ਦੇ ਮੁਕਾਬਲੇ ਕਾਫ਼ੀ ਵੱਧ ਮਿਲਦੀ ਹੈ, ਤਾਂ ਫੀਲਡ ਸਟਾਫ ਵੱਲੋਂ ਮੌਕੇ ‘ਤੇ ਜਾਂਚ ਕੀਤੀ ਜਾਵੇਗੀ।