ਰੂਪਨਗਰ ਵਿਖੇ ਲਗਾਏ ਪਲੇਸਮੈਂਟ ਕੈਂਪ ‘ਚ 12 ਉਮੀਦਵਾਰਾਂ ਦੀ ਚੋਣ

16
ਰੂਪਨਗਰ, 15 ਅਪ੍ਰੈਲ 2026 AJ DI Awaaj
Punjab Desk   : ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਹਫਤਾਵਾਰੀ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਐਮ.ਸੀ.ਸੀ-ਕਮ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਅੱਜ ਪਲੇਸਮੈਂਟ ਕੈਂਪ ਲਗਾਇਆ ਗਿਆ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਐਸ.ਐਮ.ਐਲ ਮਹਿੰਦਰਾ ਕੰਪਨੀ ਵੱਲੋਂ ਵੱਖ-ਵੱਖ ਖਾਲੀ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਲਈ ਗਈ।
ਉਨ੍ਹਾਂ ਦੱਸਿਆ ਕਿ ਕੰਪਿਊਟਰ ਆਪ੍ਰੇਟਰ ਦੀਆਂ 5 ਅਸਾਮੀਆਂ ਲਈ ਇੰਟਰਵਿਊ ਲਈ ਗਈ। ਚੁਣੇ ਗਏ ਉਮੀਦਵਾਰਾਂ ਨੂੰ 15000/- ਪ੍ਰਤੀ ਮਹੀਨਾ ਤਨਖਾਹ ਅਤੇ ਬੋਨਸ ਮਿਲੇਗਾ। ਸੁਰੱਖਿਆ ਗਾਰਡ ਦੀਆਂ 5 ਅਸਾਮੀਆਂ ਦੀ ਭਰਤੀ ਲਈ ਦਸਵੀਂ ਪਾਸ ਕੇਵਲ ਪੁਰਸ਼ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਇਸ ਅਸਾਮੀ ਤੇ ਚੁਣੇ ਗਏ ਉਮੀਦਵਾਰਾਂ ਨੂੰ 13,000/- ਪ੍ਰਤੀ ਮਹੀਨਾ ਤਨਖਾਹ ਅਤੇ ਬੋਨਸ ਮਿਲੇਗਾ। ਫਰਿਸਕਿੰਗ ਚੈਕਰ ਦੀਆਂ 3 ਅਸਾਮੀਆਂ ਦੀ ਭਰਤੀ ਲਈ ਕੇਵਲ ਇਸਤਰੀ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਇਸ ਅਸਾਮੀ ਤੇ ਚੁਣੇ ਗਏ ਉਮੀਦਵਾਰਾਂ ਨੂੰ 13000/- ਪ੍ਰਤੀ ਮਹੀਨਾ ਤਨਖਾਹ+ਬੋਨਸ ਮਿਲੇਗਾ। ਨੌਕਰੀ ਦਾ ਸਥਾਨ ਰੂਪਨਗਰ ਹੈ। ਕੰਪਨੀ ਵੱਲੋਂ ਦੁਪਹਿਰ ਦਾ ਖਾਣਾ+ਰਾਤ ਦਾ ਖਾਣਾ+ਸਵੇਰ ਦਾ ਖਾਣਾ ਮੁਫ਼ਤ ਦਿੱਤਾ ਜਾਵੇਗਾ।
ਯੰਗ ਪ੍ਰੋਫੈਸ਼ਨਲ, ਐਮ.ਸੀ.ਸੀ. ਰੂਪਨਗਰ ਮਿਸ ਕੰਚਨ ਪਾਂਡੇ ਨੇ ਦੱਸਿਆ ਕਿ ਇਸ ਕੈਂਪ ਵਿੱਚ ਉਮੀਦਵਾਰ ਬਹੁਤ ਉਤਸ਼ਾਹਤ ਨਜ਼ਰ ਆਏ। ਇਸ ਕੈਂਪ ਵਿੱਚ 45 ਉਮੀਦਵਾਰਾਂ ਵੱਲੋਂ ਭਾਗ ਲਿਆ ਗਿਆ ਜਿਨ੍ਹਾਂ ਵਿੱਚੋਂ 12 ਉਮੀਦਵਾਰਾਂ ਦੀ ਮੌਕੇ ਤੇ ਨੌਕਰੀ ਲਈ ਚੋਣ ਹੋਈ।