ਜਲੰਧਰ, 7 ਅਗਸਤ 2026 Aj Di Awaaj
Punjab Desk: ਯੁਵਕ ਸੇਵਾਵਾਂ ਵਿਭਾਗ, ਜਲੰਧਰ ਵੱਲੋਂ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਲਾਇਲਪੁਰ ਖਾਲਸਾ ਕਾਲਜ ਦੇ ਖੇਡ ਮੈਦਾਨ ਵਿੱਚ ਰੈੱਡ ਰਿਬਨ ਕਲੱਬਾਂ ਦੀ ਜ਼ਿਲ੍ਹਾ ਪੱਧਰੀ ਮੈਰਾਥਨ ਕਰਵਾਈ ਗਈ।
ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਜਲੰਧਰ ਰਵੀ ਦਾਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਐੱਚ.ਆਈ.ਵੀ./ਏਡਜ਼ ਵਰਗੀ ਬਿਮਾਰੀ ਅਤੇ ਨਸ਼ੇ ਦੀ ਸਮੱਸਿਆ ਪ੍ਰਤੀ ਜਾਗਰੂਕ ਕਰਨਾ ਸੀ। ਉਨ੍ਹਾਂ ਦੱਸਿਆ ਕਿ ਇਸ 5 ਕਿਲੋਮੀਟਰ ਮੈਰਾਥਨ ਵਿੱਚ ਜਲੰਧਰ ਦੇ ਵੱਖ-ਵੱਖ ਕਾਲਜਾਂ ਦੇ ਕੁੱਲ 25 ਲੜਕੇ ਅਤੇ 25 ਲੜਕੀਆਂ (ਅਥਲੀਟਾਂ) ਨੇ ਭਾਗ ਲਿਆ।
ਦੌੜ ਦੌਰਾਨ ਲੜਕਿਆਂ ਦੇ ਵਰਗ ਵਿੱਚ ਪਰਮਿੰਦਰ ਸਿੰਘ (ਲਾਇਲਪੁਰ ਖਾਲਸਾ ਕਾਲਜ ਜਲੰਧਰ) ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਕੁੰਦਨ ਕੁਮਾਰ ਤੇ ਸਪਨਦੀਪ ਸਿੰਘ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਵਰਗ ਵਿੱਚ ਕੇ.ਐਮ.ਵੀ. ਕਾਲਜ ਦੀ ਵੰਦਨਾ ਕੁਮਾਰੀ ਪਹਿਲੇ ਸਥਾਨ ’ਤੇ ਰਹੀ ਅਤੇ ਲਾਇਲਪੁਰ ਖਾਲਸਾ ਕਾਲਜ ਦੀ ਨਵਨੀਤ ਕੌਰ ਅਤੇ ਸਾਇਨਾ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਦੇ ਜਲਦ ਹੀ ਰਾਜ ਪੱਧਰ ‘ਤੇ ਮੁਕਾਬਲੇ ਕਰਵਾਏ ਜਾਣਗੇ।
ਇਸ ਦੌਰਾਨ ਐਚ.ਆਈ.ਵੀ./ਏਡਜ਼ ਸਬੰਧੀ ਜਾਗਰੂਕਤਾ ਲੈਕਚਰ ਵੀ ਕਰਵਾਇਆ ਗਿਆ।
ਪ੍ਰੋਗਰਾਮ ਦੌਰਾਨ ਕਾਲਜ ਦੇ ਰੈੱਡ ਰਿਬਨ ਕਲੱਬ ਦੇ ਮੈਂਬਰਾਂ ਨੇ ਸਰਗਰਮੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ।

















