ਕਦੋਂ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ? ਵਰਲਡ ਗੋਲਡ ਕੌਂਸਲ ਦੇ CEO ਨੇ ਗਿਰਾਵਟ ਨੂੰ ਲੈ ਕੇ ਸਾਫ਼ ਕੀਤਾ ਰੁਖ

11

27 ਫਰਵਰੀ 2026 ਅੱਜ ਦੀ ਆਵਾਜ਼

Business Desk: ਪਿਛਲੇ ਕੁਝ ਸਾਲਾਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਤੇਜ਼ੀ ਦੇਖੀ ਜਾ ਰਹੀ ਹੈ ਅਤੇ 2025 ਵਿੱਚ ਇਹ ਤੇਜ਼ੀ ਆਪਣੇ ਚਰਮ ‘ਤੇ ਪਹੁੰਚ ਗਈ। MCX ‘ਤੇ ਸੋਨੇ ਨੇ 1,93,096 ਰੁਪਏ ਪ੍ਰਤੀ 10 ਗ੍ਰਾਮ ਦਾ ਆਲ-ਟਾਈਮ ਹਾਈ ਛੂਹ ਲਿਆ। ਇਸ ਦਰਮਿਆਨ ਇਹ ਸਵਾਲ ਲਗਾਤਾਰ ਚਰਚਾ ਵਿੱਚ ਹੈ ਕਿ ਕੀ ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆ ਸਕਦੀ ਹੈ।

ਵਰਲਡ ਗੋਲਡ ਕੌਂਸਲ ਦੇ CEO ਡੇਵਿਡ ਟੈਟ ਨੇ ਰਾਈਜ਼ਿੰਗ ਭਾਰਤ ਸਮਿਟ 2026 ਦੌਰਾਨ ਇਸ ‘ਤੇ ਆਪਣਾ ਮਤ ਰੱਖਿਆ। ਉਨ੍ਹਾਂ ਕਿਹਾ ਕਿ ਭੂ-ਰਾਜਨੀਤਕ ਅਨਿਸ਼ਚਿਤਤਾ ਅਤੇ ਕੇਂਦਰੀ ਬੈਂਕਾਂ ਵੱਲੋਂ ਲਗਾਤਾਰ ਸੋਨੇ ਦੀ ਖਰੀਦ ਕੀਮਤਾਂ ਨੂੰ ਉੱਪਰ ਵੱਲ ਧੱਕ ਰਹੀ ਹੈ। ਡੇਵਿਡ ਟੈਟ ਅਨੁਸਾਰ, ਜਦੋਂ ਤੱਕ ਇਹ ਦੋਵੇਂ ਕਾਰਕ ਮੌਜੂਦ ਹਨ, ਸੋਨੇ ਵਿੱਚ ਵੱਡੀ ਗਿਰਾਵਟ ਦੀ ਸੰਭਾਵਨਾ ਘੱਟ ਹੈ।

ਉਨ੍ਹਾਂ ਦੱਸਿਆ ਕਿ ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਕਮੀ ਤਦੋਂ ਹੀ ਆ ਸਕਦੀ ਹੈ ਜਦੋਂ ਅਮਰੀਕੀ ਅਰਥਵਿਵਸਥਾ ਦੀ ਵਿਕਾਸ ਦਰ 6 ਤੋਂ 7 ਫੀਸਦੀ ਤੱਕ ਪਹੁੰਚੇ ਅਤੇ ਮਹਿੰਗਾਈ ਸਿਰਫ਼ ਹਲਕੀ ਵਧੇ, ਜਿਸ ਨਾਲ ਜਨਤਕ ਕਰਜ਼ੇ ਵਿੱਚ ਕਮੀ ਆਵੇ। ਹਾਲਾਂਕਿ, ਉਨ੍ਹਾਂ ਨੇ ਅਜਿਹੇ ਹਾਲਾਤ ਬਣਨ ਦੀ ਸੰਭਾਵਨਾ ਨੂੰ “ਬਹੁਤ ਘੱਟ” ਕਰਾਰ ਦਿੱਤਾ।

ਡੇਵਿਡ ਟੈਟ ਨੇ ਇਹ ਵੀ ਕਿਹਾ ਕਿ ਵਿਸ਼ਵ ਪੱਧਰ ‘ਤੇ ਕੇਂਦਰੀ ਬੈਂਕ ਆਪਣੇ ਸੋਨੇ ਦੇ ਭੰਡਾਰ ਵਧਾਉਂਦੇ ਰਹਿਣਗੇ। ਭਾਰਤ ਵਿੱਚ ਵੀ ਸੋਨੇ ਦੀ ਕੁੱਲ ਮੰਗ 2025 ਵਿੱਚ ਲਗਭਗ 711 ਟਨ ਰਹਿਣ ਦਾ ਅਨੁਮਾਨ ਹੈ, ਭਾਵੇਂ ਉੱਚੀਆਂ ਕੀਮਤਾਂ ਕਾਰਨ ਗਹਿਣਿਆਂ ਦੀ ਮੰਗ ਵਿੱਚ ਕੁਝ ਕਮੀ ਆਈ ਹੈ। ਕੁੱਲ ਮਿਲਾ ਕੇ, ਮਾਹਿਰਾਂ ਦੇ ਮਤਾਬਕ ਸੋਨੇ ਦੀ ਕੀਮਤਾਂ ਨੇੜਲੇ ਭਵਿੱਖ ਵਿੱਚ ਮਜ਼ਬੂਤ ਰਹਿਣ ਦੀ ਸੰਭਾਵਨਾ ਹੈ।