ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਿਖੇ ਲੜਕੀਆਂ ਅਤੇ ਮਹਿਲਾਵਾਂ ਲਈ ਵੋਕੇਸ਼ਨਲ ਸਿਖਲਾਈ ਕੋਰਸ ਕਰਵਾਇਆ

9

ਫਰੀਦਕੋਟ, 9 ਜੂਨ 2026 Aj Di Awaaj 

Punjab Desk:  ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਫਰੀਦਕੋਟ ਵਿਖੇ ਡਾ. ਰਾਕੇਸ਼ ਕੁਮਾਰ, ਇੰਚਾਰਜ ਕੇ.ਵੀ.ਕੇ. ਫਰੀਦਕੋਟ ਦੀ ਅਗਵਾਈ ਹੇਠ 1 ਜੂਨ 2026 ਤੋਂ 5 ਜੂਨ 2026 ਤੱਕ ਲੜਕੀਆਂ ਅਤੇ ਮਹਿਲਾਵਾਂ ਲਈ 5 ਰੋਜ਼ਾ ‘ਫੈਬਰਿਕ ਪੇਂਟਿੰਗ-ਪ੍ਰਿੰਟਿੰਗ ਅਤੇ ਟਾਈ-ਡਾਈ’ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਸਿਖਲਾਈ ਵਿੱਚ ਕੋਟਕਪੂਰਾ, ਨਵਾਂ ਕਿਲਾ, ਨਾਨਕਸਰ ਬਸਤੀ ਅਤੇ ਫਰੀਦਕੋਟ ਤੋਂ 25 ਸਿਖਿਆਰਥੀਆਂ ਨੇ ਭਾਗ ਲਿਆ।

ਇਸ ਮੌਕੇ ਡਾ. ਰਾਕੇਸ਼ ਕੁਮਾਰ ਨੇ ਸਿਖਿਆਰਥੀਆਂ ਨੂੰ ਕੇ.ਵੀ.ਕੇ. ਫਰੀਦਕੋਟ ਵਿਖੇ ਕਰਵਾਏ ਜਾਣ ਵਾਲੇ ਵੱਖ-ਵੱਖ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਸਿਖਲਾਈਆਂ ਨੂੰ ਆਰਥਿਕ ਪੱਧਰ ’ਤੇ ਅਪਣਾ ਕੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਪ੍ਰੇਰਿਤ ਕੀਤਾ।

ਡਾ. ਕਰਮਜੀਤ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਫੈਬਰਿਕ ਪੇਂਟਿੰਗ-ਪ੍ਰਿੰਟਿੰਗ ਅਤੇ ਟਾਈ-ਡਾਈ ਤਕਨੀਕਾਂ ਨੂੰ ਪੇਸ਼ੇ ਵਜੋਂ ਅਪਣਾਉਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਰੰਗ ਚੱਕਰ (ਕਲਰ ਵ੍ਹੀਲ), ਰੰਗਾਂ ਦੀਆਂ ਵੱਖ-ਵੱਖ ਸ਼ੇਡਾਂ ਤਿਆਰ ਕਰਨ, ਕੱਪੜਿਆਂ ਦੀ ਚੋਣ ਅਤੇ ਵੱਖ-ਵੱਖ ਵਸਤਾਂ ਤਿਆਰ ਕਰਨ ਸਬੰਧੀ ਵੀ ਜਾਣੂ ਕਰਵਾਇਆ।

ਡਾ. ਕਰਮਜੀਤ ਕੌਰ ਅਤੇ ਮੈਡਮ ਨਵਦੀਪ ਕੌਰ ਸੰਧੂ (ਪ੍ਰੋਗਰਾਮ ਸਹਾਇਕ) ਵੱਲੋਂ ਫੈਬਰਿਕ ਪੇਂਟਿੰਗ ਅਤੇ ਪ੍ਰਿੰਟਿੰਗ ਨਾਲ ਸਬੰਧਿਤ ਬਲਾਕ ਪ੍ਰਿੰਟਿੰਗ, ਸਕਰੀਨ ਪ੍ਰਿੰਟਿੰਗ ਅਤੇ ਸਟੈਂਸਿਲ ਪ੍ਰਿੰਟਿੰਗ ਦੀ ਵਿਹਾਰਕ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਕੱਪੜਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਬੰਨ੍ਹਣ, ਵੱਖ-ਵੱਖ ਰੰਗਾਂ ਨਾਲ ਰੰਗਾਈ ਕਰਨ ਅਤੇ ਦੁਪੱਟੇ, ਸ਼ਰਟਾਂ, ਬੈੱਡ ਸ਼ੀਟਾਂ, ਟੇਬਲ ਕਵਰ ਆਦਿ ਤਿਆਰ ਕਰਨ ਦੀ ਸਿਖਲਾਈ ਵੀ ਦਿੱਤੀ ਗਈ।

ਇਸ ਕਿੱਤੇ ਵਿੱਚ ਮੁਹਾਰਤ ਹਾਸਲ ਕਰਨ ਲਈ ਸਿਖਿਆਰਥੀਆਂ ਵੱਲੋਂ ਵੱਖ-ਵੱਖ ਡਿਜ਼ਾਈਨਾਂ ਵਾਲੀਆਂ ਵਸਤਾਂ ਤਿਆਰ ਕੀਤੀਆਂ ਗਈਆਂ। ਸਿਖਲਾਈ ਦੌਰਾਨ ਲੜਕੀਆਂ ਅਤੇ ਮਹਿਲਾਵਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਇਸ ਗਿਆਨ ਨੂੰ ਆਪਣੀ ਆਮਦਨ ਵਧਾਉਣ ਦਾ ਸਾਧਨ ਬਣਾਉਣ ਲਈ ਰੁਚੀ ਦਿਖਾਈ।