Haryana 12 Dec 2025 AJ DI Awaaj
National Desk : ਵਿਨੇਸ਼ ਫੋਗਾਟ ਨੇ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੇ ਹੋਏ ਐਲਾਨ ਕੀਤਾ ਹੈ ਕਿ ਉਹ ਸੰਨਿਆਸ ਤੋਂ ਵਾਪਸ ਰਿੰਗ ਵਿੱਚ ਉਤਰਨ ਲਈ ਤਿਆਰ ਹਨ। ਵਿਨੇਸ਼ ਨੇ ਸੋਸ਼ਲ ਮੀਡੀਆ ਰਾਹੀਂ ਪੁਸ਼ਟੀ ਕੀਤੀ ਹੈ ਕਿ ਉਹ 2028 ਵਿੱਚ ਲਾਸ ਏਂਜਲਸ ਓਲੰਪਿਕ ਖੇਡਣ ਦੀ ਮਜ਼ਬੂਤ ਇੱਛਾ ਰੱਖਦੀ ਹੈ।
2024 ਦੇ ਪੈਰਿਸ ਓਲੰਪਿਕ ਦੌਰਾਨ, ਵਿਨੇਸ਼ ਫੋਗਾਟ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਰੈਸਲਰ ਬਣੀ ਸੀ, ਪਰ ਫਾਈਨਲ ਤੋਂ ਠੀਕ ਪਹਿਲਾਂ ਉਨ੍ਹਾਂ ਦਾ ਵਜ਼ਨ 100 ਗ੍ਰਾਮ ਵੱਧ ਨਿਕਲਿਆ, ਜਿਸ ਕਾਰਨ ਉਹ ਡਿਸਕੁਆਲੀਫਾਈ ਹੋ ਗਈ। ਇਸ ਝਟਕੇ ਤੋਂ ਬਾਅਦ ਉਨ੍ਹਾਂ ਨੇ ਰੈਸਲਿੰਗ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਇਸ ਵੇਲੇ ਵਿਨੇਸ਼ ਹਰਿਆਣਾ ਦੇ ਜੁਲਾਨਾ ਤੋਂ ਕਾਂਗਰਸ ਦੀ ਵਿਧਾਇਕ ਹਨ।
“ਅੱਗ ਕਦੇ ਖਤਮ ਨਹੀਂ ਹੁੰਦੀ” — ਵਿਨੇਸ਼ ਦਾ ਜਜ਼ਬਾਤੀ ਪੋਸਟ
ਵਿਨੇਸ਼ ਨੇ ਆਪਣੇ ਪੋਸਟ ਵਿੱਚ ਲਿਖਿਆ ਕਿ ਪੈਰਿਸ ਓਲੰਪਿਕ ਤੋਂ ਬਾਅਦ ਉਹ ਖੁਦ ਤੋਂ, ਮੈਟ ਤੋਂ ਅਤੇ ਸਾਰੀ ਦਬਾਅ ਵਾਲੀ ਜ਼ਿੰਦਗੀ ਤੋਂ ਦੂਰ ਜਾਣਾ ਚਾਹੁੰਦੀ ਸੀ। ਉਸਨੇ ਕਿਹਾ ਕਿ ਸਾਲਾਂ ਬਾਅਦ ਪਹਿਲੀ ਵਾਰ ਉਸਨੇ ਖੁਦ ਨੂੰ ਸਾਹ ਲੈਣ ਦੀ ਇਜਾਜ਼ਤ ਦਿੱਤੀ। ਆਪਣੇ ਸਫਰ ਦੇ ਬਾਰੇ ਸੋਚਦੇ-ਸੋਚਦੇ ਉਸਨੂੰ ਇਹ ਅਹਿਸਾਸ ਹੋਇਆ ਕਿ ਉਸਦੇ ਅੰਦਰ ਦੀ ਜਿੱਤ ਵਾਲੀ ਅੱਗ ਅਜੇ ਵੀ ਜਿੰਦਾ ਹੈ।
ਉਹ ਲਿਖਦੀ ਹੈ,
“ਡਿਸਪਲਿਨ, ਲੜਾਈ, ਰੁਟੀਨ — ਇਹ ਮੇਰੇ ਅੰਦਰ ਹੀ ਵੱਸਦੇ ਹਨ। ਮੈਂ ਜਿੱਥੇ ਵੀ ਜਾਵਾਂ, ਮੇਰਾ ਇੱਕ ਹਿੱਸਾ ਮੈਟ ‘ਤੇ ਹੀ ਰਹਿੰਦਾ ਹੈ। ਇਸ ਲਈ ਮੈਂ ਵਾਪਸ ਆ ਰਹੀ ਹਾਂ। LA28 ਵੱਲ ਨਿਡਰ ਦਿਲ ਨਾਲ ਵਧ ਰਹੀ ਹਾਂ।”
ਵਿਨੇਸ਼ ਨੇ ਇਹ ਵੀ ਦੱਸਿਆ ਕਿ ਇਸ ਵਾਰ ਉਸਦਾ ਛੋਟਾ ਬੱਚਾ ਵੀ ਉਸਦੇ ਨਾਲ ਇਸ ਜੰਗ ਦਾ ਹਿੱਸਾ ਹੋਵੇਗਾ, ਜੋ ਉਸਦੀ ਸਭ ਤੋਂ ਵੱਡੀ ਪ੍ਰੇਰਣਾ ਹੈ।
ਵਿਨੇਸ਼ ਫੋਗਾਟ ਦੀ ਵਾਪਸੀ ਦਾ ਇਹ ਐਲਾਨ ਭਾਰਤੀ ਕੁਸ਼ਤੀ ਲਈ ਇੱਕ ਵੱਡੀ ਖ਼ਬਰ ਮੰਨੀ ਜਾ ਰਹੀ ਹੈ, ਅਤੇ ਪ੍ਰਸ਼ੰਸਕ 2028 ਓਲੰਪਿਕ ਵਿੱਚ ਉਸਦੀ ਸ਼ਾਨਦਾਰ ਕਮਬੈਕ ਦੀ ਉਮੀਦ ਕਰ ਰਹੇ ਹਨ।














