ਚੰਡੀਗੜ੍ਹ/ਦਿੱਲੀ, 5 ਜੁਲਾਈ 2026 Aj Di Awaaj
Punjab Desk: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਹਰਿਆਣਾ ਸਪੈਸ਼ਲ ਟਾਸਕ ਫੋਰਸ (STF) ਨੇ ਸਾਂਝੇ ਆਪਰੇਸ਼ਨ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਥਿਤ ਸ਼ੂਟਰਾਂ ਨੂੰ ਐਨਕਾਊਂਟਰ ਵਿੱਚ ਮਾਰ ਦਿੱਤਾ। ਮੁਕਾਬਲੇ ਦੌਰਾਨ ਇੱਕ ਪੁਲਿਸ ਕਾਂਸਟੇਬਲ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਦਕਿ ਹੋਰ ਪੁਲਿਸ ਕਰਮਚਾਰੀਆਂ ਦੀਆਂ ਬੁਲੇਟਪਰੂਫ ਜੈਕਟਾਂ ‘ਤੇ ਵੀ ਗੋਲੀਆਂ ਲੱਗੀਆਂ।
ਪੁਲਿਸ ਮੁਤਾਬਕ ਮਾਰੇ ਗਏ ਦੋਵਾਂ ਦੀ ਪਛਾਣ ਪ੍ਰਵੇਸ਼ ਅਤੇ ਹਿਮਾਂਸ਼ੂ ਵਜੋਂ ਹੋਈ ਹੈ। ਦੋਵੇਂ ਹਾਂਸੀ ਵਿੱਚ ਜਿਮ ਸੰਚਾਲਕ ਕਪਿਲ ਦੇ ਕਤਲ ਮਾਮਲੇ ਵਿੱਚ ਵਾਂਛਿਤ ਸਨ। ਇਸ ਮਾਮਲੇ ਸਬੰਧੀ ਹਾਂਸੀ ਸਿਟੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਅਤੇ ਜਾਂਚ ਦੌਰਾਨ ਦੋਵਾਂ ਦੇ ਨਾਮ ਸਾਹਮਣੇ ਆਏ ਸਨ।
ਹਰਿਆਣਾ STF ਦੇ ਐਸਪੀ ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਐਤਵਾਰ ਸਵੇਰੇ ਦਿੱਲੀ ਸਪੈਸ਼ਲ ਸੈੱਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਹਥਿਆਰਾਂ ਅਤੇ ਗੋਲਾ-ਬਾਰੂਦ ਨਾਲ ਲੈਸ ਹੋ ਕੇ ਕਿਸੇ ਵੱਡੇ ਅਪਰਾਧ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ।
ਜਦੋਂ ਪੁਲਿਸ ਟੀਮ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਨੇ ਪੁਲਿਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿੱਚ ਪੁਲਿਸ ਨੇ ਸਵੈ-ਰੱਖਿਆ ਹੇਠ ਗੋਲੀਬਾਰੀ ਕੀਤੀ, ਜਿਸ ਵਿੱਚ ਦੋਵੇਂ ਸ਼ੂਟਰ ਮਾਰੇ ਗਏ।
ਪੁਲਿਸ ਅਨੁਸਾਰ ਮੁਕਾਬਲੇ ਵਿੱਚ ਜ਼ਖਮੀ ਹੋਏ ਕਾਂਸਟੇਬਲ ਦਾ ਇਲਾਜ ਚੱਲ ਰਿਹਾ ਹੈ। ਨਾਲ ਹੀ, ਕਈ ਹੋਰ ਅਧਿਕਾਰੀਆਂ ਦੀ ਜਾਨ ਬੁਲੇਟਪਰੂਫ ਜੈਕਟਾਂ ਕਾਰਨ ਬਚ ਗਈ।
ਪੁਲਿਸ ਸੂਤਰਾਂ ਮੁਤਾਬਕ, ਮਾਰੇ ਗਏ ਦੋਵੇਂ ਮੁਲਜ਼ਮਾਂ ‘ਤੇ ਇੱਕ-ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਬਹਾਦਰਗੜ੍ਹ ਵਿੱਚ ਇੱਕ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਇਸੇ ਸੂਚਨਾ ਦੇ ਆਧਾਰ ‘ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਹਰਿਆਣਾ STF ਨੇ ਸਾਂਝੀ ਕਾਰਵਾਈ ਕਰਕੇ ਉਨ੍ਹਾਂ ਨੂੰ ਘੇਰਿਆ ਅਤੇ ਐਨਕਾਊਂਟਰ ਦੌਰਾਨ ਢੇਰ ਕਰ ਦਿੱਤਾ।














