ਛੇ*ੜਛਾੜ ਦੇ ਦੋਸ਼ਾਂ ‘ਚ ਪੰਜਾਬ ਪੁਲਿਸ ਦੇ ਦੋ ਕਾਂਸਟੇਬਲ ਗ੍ਰਿ*ਫ਼ਤਾਰ

35
ਮੋਹਾਲੀ: 09 July 2026 AJ DI Awaaj

 

Punjab Desk :   ਮੋਹਾਲੀ ਦੇ ਸੈਕਟਰ-68 ਸਥਿਤ ਸ੍ਰੀ ਗੁਰੂ ਹਰਸਹਾਏ ਸੁਸਾਇਟੀ ਨੇੜੇ ਇੱਕ ਨੌਜਵਾਨ ਲੜਕੀ ਨਾਲ ਕਥਿਤ ਛੇ*ੜਛਾੜ ਅਤੇ ਉਸ ਦੇ ਪਰਿਵਾਰਕ ਮੈਂਬਰਾਂ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਦੋ ਕਾਂਸਟੇਬਲਾਂ ਨੂੰ ਗ੍ਰਿ*ਫ਼ਤਾਰ ਕੀਤਾ ਗਿਆ ਹੈ। ਮਾਮਲੇ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲੈਂਦਿਆਂ ਐਸਐਸਪੀ ਮੋਹਾਲੀ ਤੋਂ ਵਿਸਤ੍ਰਿਤ ਰਿਪੋਰਟ ਤਲਬ ਕੀਤੀ ਹੈ।

ਪੁਲਿਸ ਅਨੁਸਾਰ, ਜਾਂਚ ਤੋਂ ਬਾਅਦ ਕਾਂਸਟੇਬਲ ਗੁਰਪਿੰਦਰ ਅਤੇ ਗੁਰਮੀਤ ਨੂੰ ਗ੍ਰਿ*ਫ਼ਤਾਰ ਕੀਤਾ ਗਿਆ। ਦੋਵੇਂ ਪੁਲਿਸ ਲਾਈਨ ਵਿੱਚ ਤਾਇਨਾਤ ਹਨ ਅਤੇ ਘਟਨਾ ਸਮੇਂ ਸਿਵਲ ਡਰੈੱਸ ਵਿੱਚ ਸਨ। ਵਾਰਦਾਤ ਵਿੱਚ ਵਰਤੀ ਗਈ ਉਨ੍ਹਾਂ ਦੀ ਨਿੱਜੀ ਸਕਾਰਪੀਓ ਗੱਡੀ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਈ ਹੈ।

ਸ਼ਿਕਾਇਤਕਰਤਾ ਦੇ ਮੁਤਾਬਕ, ਉਹ ਆਪਣੀ ਭੈਣ ਨਾਲ ਬਾਜ਼ਾਰ ਤੋਂ ਵਾਪਸ ਆ ਰਿਹਾ ਸੀ, ਜਦੋਂ ਸਕਾਰਪੀਓ ਸਵਾਰ ਕੁਝ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਲੜਕੀ ਨਾਲ ਕਥਿਤ ਛੇ*ੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਸੁਸਾਇਟੀ ਪਹੁੰਚਣ ਤੋਂ ਬਾਅਦ ਵੀ ਦੋਸ਼ੀ ਉੱਥੇ ਆ ਗਏ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਰੋਕਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ‘ਤੇ ਕਾਰ ਚੜ੍ਹਾਉਣ ਦੀ ਕਥਿਤ ਕੋਸ਼ਿਸ਼ ਕੀਤੀ। ਰੌਲਾ ਪੈਣ ‘ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਕਾਰਪੀਓ ਵਿੱਚ 3 ਤੋਂ 4 ਵਿਅਕਤੀ ਸਵਾਰ ਸਨ ਅਤੇ ਗੱਡੀ ਵਿੱਚ ਪੁਲਿਸ ਦੀ ਵਰਦੀ ਵੀ ਮੌਜੂਦ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨਿਰਪੱਖ ਜਾਂਚ ਦੇ ਨਿਰਦੇਸ਼ ਦਿੱਤੇ ਹਨ।

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।